ਸਿੱਧੂ ਮੂਸੇ ਵਾਲਾ ਨੂੰ ਜਨਮਦਿਨ ’ਤੇ ਯਾਦ ਕਰ ਭਾਵੁਕ ਹੋਏ ਇਹ ਸਿਤਾਰੇ, ਇੰਝ ਬਿਆਨ ਕੀਤੇ ਦਿਲ ਦੇ ਜਜ਼ਬਾਤ

bai/nawanpunajb.com

ਚੰਡੀਗੜ੍ਹ (ਬਿਊਰੋ)– ਸਿੱਧੂ ਮੂਸੇ ਵਾਲਾ ਹੁਣ ਸਾਡੇ ਵਿਚਾਲੇ ਨਹੀਂ ਹੈ। 29 ਮਈ ਨੂੰ ਸਿੱਧੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਅੱਜ ਯਾਨੀ 11 ਜੂਨ ਨੂੰ ਸਿੱਧੂ ਦਾ ਜਨਮਦਿਨ ਹੈ। ਸਿੱਧੂ ਦੇ ਇਸ ਖ਼ਾਸ ਦਿਨ ਨੂੰ ਯਾਦ ਕਰਦਿਆਂ ਕਲਾਕਾਰ ਭਾਵੁਕ ਹੋ ਰਹੇ ਹਨ। ਮਸ਼ਹੂਰ ਪੰਜਾਬੀ ਕਲਾਕਾਰਾਂ ਨੇ ਸਿੱਧੂ ਮੂਸੇ ਵਾਲਾ ਨੂੰ ਜਨਮਦਿਨ ’ਤੇ ਯਾਦ ਕੀਤਾ ਹੈ ਤੇ ਆਪਣੇ ਦਿਲ ਦੇ ਜਜ਼ਬਾਤ ਚਾਹੁਣ ਵਾਲਿਆਂ ਨਾਲ ਸਾਂਝੇ ਕੀਤੇ ਹਨ।
ਗਿੱਪੀ ਗਰੇਵਾਲ ਨੇ ਸਿੱਧੂ ਮੂਸੇ ਵਾਲਾ ਨਾਲ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ‘‘ਲੇਖਾਂ ਦੀਆਂ ਲਿਖੀਆਂ ’ਤੇ ਚੱਲਦਾ ਨਾ ਜ਼ੋਰ ਵੇ, ਬੰਦਾ ਕੁਝ ਹੋਰ ਸੋਚੇ, ਰੱਬ ਕੁਝ ਹੋਰ ਵੇ। ਜਨਮਦਿਨ ਮੁਬਾਰਕ ਭਰਾ। ਸਿੱਧੂ ਦਾ ਸੁਪਨਾ ਸੀ ਕਿ ਪੰਜਾਬੀ ਇੰਡਸਟਰੀ ਦਾ ਨਾਂ ਨੰਬਰ 1 ’ਤੇ ਹੋਵੇ। ਕਹਿੰਦਾ ਸੀ ਸਾਡਾ ਮੁਕਾਬਲਾ ਇਕ-ਦੂਜੇ ਨਾਲ ਨਹੀਂ, ਬਲਕਿ ਇੰਟਰਨੈਸ਼ਨਲ ਆਰਟਿਸਟਾਂ ਨਾਲ ਹੈ ਤੇ ਪੰਜਾਬੀ ਇੰਡਸਰੀ ਵਾਲੇ ਸਿੱਧੂ ਦੇ ਜਾਣ ਮਗਰੋਂ ਇਸ ਗੱਲ ’ਤੇ ਇਕ-ਦੂਜੇ ਨਾਲ ਲੜੀ ਜਾਂਦੇ ਨੇ ਕਿ ਤੂੰ ਸ਼ੋਅ ਲਾਉਣ ਚਲਾ ਗਿਆ, ਤੂੰ ਉਹਦੇ ਘਰ ਨਹੀਂ ਗਿਆ, ਤੂੰ ਪੋਸਟ ਨਹੀਂ ਪਾਈ। ਯਾਰ ਸਮਝਦਾਰ ਬਣੋ, ਇਨ੍ਹਾਂ ਗੱਲਾਂ ’ਚ ਕੁਝ ਨਹੀਂ ਰੱਖਿਆ। ਕਿਸੇ ਦੇ ਸ਼ੋਅ ਲਾਉਣ ਜਾਂ ਨਾ ਲਾਉਣ ਨਾਲ ਕੁਝ ਨਹੀਂ ਹੋਣਾ, ਬਸ ਜ਼ੋਰ ਲਾਉਣਾ ਤਾਂ ਇਹ ਲਾਓ ਕਿ ਸਿੱਧੂ ਨੂੰ ਇਨਸਾਫ ਮਿਲ ਜਾਵੇ। ਜੇ ਕੁਝ ਕਰ ਸਕਦੇ ਹੋ ਤਾਂ ਹਰ ਸਾਲ 2-4 ਗੇੜੇ ਸਿੱਧੂ ਦੇ ਘਰ ਜ਼ਰੂਰ ਲਾ ਕੇ ਆਇਆ ਕਰੋ। ਉਹ ਦੇ ਮਾਤਾ-ਪਿਤਾ ਨਾਲ ਸਮਾਂ ਬਤੀਕ ਕਰਕੇ ਆਇਆ ਕਰੋ। ਉਨ੍ਹਾਂ ਦਾ ਗੱਲਾਂ ਕਰਨ ਵਾਲਾ, ਮੰਮੀ-ਡੈਡੀ ਕਹਿਣ ਵਾਲਾ, ਉਨ੍ਹਾਂ ’ਤੇ ਜਾਨ ਵਾਰਨ ਵਾਲਾ ਸਿੱਧੂ ਹੁਣ ਆਪਾਂ ਨੂੰ ਬਣਨਾ ਪੈਣਾ। ਇਕੱਠੇ ਰਿਹਾ ਕਰੋ, ਪਿਆਰ ਬਣਾ ਕੇ ਰੱਖੋ ਤੇ ਇਕ-ਦੂਜੇ ’ਚ ਕਮੀਆਂ ਕੱਢਣ ਨਾਲੋਂ ਇਕ-ਦੂਜੇ ਨੂੰ ਹੌਸਲਾ ਦੇਣਾ ਸਿੱਖੋ। ਸਿੱਧੂ ਦੇ ਜਨਮਦਿਨ ’ਤੇ ਅੱਜ ਇਕ-ਦੂਜੇ ਨਾਲ ਸਭ ਗਿਲੇ-ਸ਼ਿਕਵੇ ਖ਼ਤਮ ਕਰੀਏ ਤੇ ਪਿਆਰ ਬਣਾ ਕੇ ਰੱਖੀਏ। ਤੁਹਾਨੂੰ ਬਹੁਤ ਸਾਰਾ ਪਿਆਰ। ਤੈਨੂੰ ਯਾਦ ਕਰ ਰਹੇ ਹਾਂ ਭਰਾ ਸਿੱਧੂ ਮੂਸੇ ਵਾਲਾ।’’ ‘

ਅਫਸਾਨਾ ਖ਼ਾਨ ਨੇ ਸਿੱਧੂ ਦੀ ਯਾਦ ’ਚ ਵੀਡੀਓ ਸਾਂਝੀ ਕਰਕੇ ਲਿਖਿਆ, ‘‘ਮੈਂ ਸਭ ਨੂੰ ਦੱਸਦੀ ਸੀ 11 ਜੂਨ ਸਿੱਧੂ ਬਾਈ ਦਾ ਜਨਮਦਿਨ 12 ਜੂਨ ਮੇਰਾ, ਮੈਂ ਬਹੁਤ ਖ਼ੁਸ਼ ਹੋਈ ਸੀ ਜਦੋਂ ਮੈਨੂੰ ਪਤਾ ਲੱਗਾ ਸੀ ਮੈਂ ਕਿਹਾ ਇਹ ਹੈ ਅਸਲੀ ਪਿਆਰ ਰੱਬ ਤੋਂ ਬਣ ਕੇ ਆਇਆ ਭੈਣ-ਭਰਾ ਵਾਲਾ।’’

ਅੰਮ੍ਰਿਤ ਮਾਨ ਨੇ ਲਿਖਿਆ, ‘‘ਜਨਮਦਿਨ ਮੁਬਾਰਕ ਯਾਰਾ, ਮੇਰਾ ਜਨਮਦਿਨ 10 ਜੂਨ ਨੂੰ ਹੁੰਦਾ, ਤੇਰਾ 11 ਜੂਨ ਨੂੰ। ਆਪਾਂ ਇਸ ਵਾਰ ਇਕੱਠੇ ਸੈਲੀਬ੍ਰੇਟ ਕਰਨਾ ਸੀ। ਤੇਰੀ ਮੁਬਾਰਕਬਾਦ ਨਹੀਂ ਆਈ ਪਰ ਇਸ ਵਾਰ।’’

ਐਮੀ ਵਿਰਕ ਨੇ ਲਿਖਿਆ, ‘‘ਵੀਰੇ ਯਾਰ ਨਹੀਂ ਸਮਝ ਆ ਰਿਹਾ ਕਿ ਲਿਖਾਂ। ਅੱਜ ਦੇ ਦਿਨ ਜੰਮਿਆ ਸੀ ਭਲਵਾਨ।’’

ਰੇਸ਼ਮ ਸਿੰਘ ਅਨਮੋਲ ਨੇ ਲਿਖਿਆ, ‘‘ਜਨਮਦਿਨ ਮੁਬਾਰਕ ਲੈਜੰਡ। ਜੇ ਸਿੱਧੂ ਬਾਈ ਨੂੰ ਪਿਆਰ ਕਰਦੇ ਹੋ ਤਾਂ ਇਕ-ਦੂਜੇ ਦੀਆਂ ਲੱਤਾਂ ਖਿੱਚਣੀਆਂ ਬੰਦ ਕਰੋ। ਜਿਊਂਦੇ ਬੰਦਿਆਂ ਦੀ ਕਦਰ ਕਰੋ। ਦਰੱਖਤ ਲਗਾਓ। ਖੇਤੀ ਆਪ ਕਰੋ। ਮਾਪਿਆਂ ਦੀ ਇੱਜ਼ਤ ਕਰੋ। ਆਪਣੇ ਪਿੰਡ ਲਈ ਜ਼ਰੂਰ ਕੁਝ ਕਰੋ। ਉਹਦੇ ਮਾਪਿਆਂ ਕੋਲ ਗੇੜਾ ਰੱਖੋ ਤੇ ਇਨਸਾਫ਼ ਦੀ ਮੰਗ ਕਰੋ।’’

ਮਨਿੰਦਰ ਬੁੱਟਰ ਨੇ ਲਿਖਿਆ, ‘‘ਜਨਮਦਿਨ ਮੁਬਾਰਕ ਲੈਜੰਡ। ਦੁਨੀਆ ਰੋ ਪਈ ਸਾਰੀ ਦੀ ਸਾਰੀ ਮਿੱਤਰਾਂ। ਰਹਿੰਦੀ ਦੁਨੀਆ ’ਤੇ ਨਾਂ ਰਹਿਣਾ ਬਾਈ ਤੇਰਾ। ਨਾ ਹੀ ਤੇਰੇ ਵਰਗਾ ਸਰਵਨ ਪੁੱਤ ਮਿਲਣਾ ਕਦੇ ਨਾ ਹੀ ਉਹ ਗਰਜਦੀ ਆਵਾਜ਼ ਮਿਲਣੀ ਕਦੇ। ਫੋਕ ਪਲੱਸ ਹਿੱਪ ਹੌਪ ਕੰਬੀਨੇਸ਼ਨ ਨਹੀਂ ਆਉਣਾ ਕਦੇ। ਬਾਗ਼ੀ ਬੰਦਾ ਸੀ ਯਾਰ ਤੂੰ ਬਾਈ। ਮੇਰੀ ਗੱਲ ਯਾਦ ਰੱਖਿਓ ਐੱਸ. ਵਾਈ. ਐੱਲ. ਗਾਣਾ ਸੁਣ ਕੇ ਖੜ੍ਹੇ ਹੋ ਕੇ ਸਲੂਟ ਕਰੋਗੇ ਤੁਸੀਂ ਸਾਰੇ ਜਾਣੇ। ਕਿਸੇ ਹੋਰ ਜਗ੍ਹਾ। ਕਿਸੇ ਹੋਰ ਦੁਨੀਆ ’ਚ ਮਿਲਾਂਗੇ ਬਾਈ।’’

Leave a Reply

Your email address will not be published. Required fields are marked *