ਚੰਡੀਗੜ੍ਹ, 10 ਜੂਨ– ਹੁਣ ਪੰਜਾਬ ਤੋਂ ਦਿੱਲੀ ਸਥਿਤ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਲਈ ਸਿੱਧੀਆਂ ਬੱਸਾਂ ਚੱਲਣਗੀਆਂ। ਇਸ ਦਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਹੈ। ਮਾਨ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿਚ ਚੱਲ ਰਹੇ ਵੱਖ-ਵੱਖ ਮਾਫੀਆ ’ਤੇ ਨਿਕੇਲ ਕੱਸ ਰਹੀ ਹੈ। ਇਸ ਦਰਮਿਆਨ ਪੰਜਾਬ ਸਰਕਾਰ ਨੇ 15 ਜੂਨ ਤੋਂ ਵੋਲਵੋ ਬੱਸਾਂ ਪ੍ਰਾਈਵੋਟ ਨਾਲੋਂ ਅੱਧੇ ਕਿਰਾਏ ’ਤੇ ਸਿੱਧੀਆਂ ਦਿੱਲੀ ਏਅਰਪੋਰਟ ਤੱਕ ਚਲਾਉਣ ਦਾ ਐਲਾਨ ਕੀਤਾ ਹੈ। ਮਾਨ ਨੇ ਕਿਹਾ ਕਿ ਐੱਨ. ਆਰ. ਆਈ. ਹਮੇਸ਼ਾ ਸ਼ਿਕਾਇਤ ਕਰਦੇ ਸਨ ਕਿ ਏਅਰਪੋਰਟ ਆਉਣ ਜਾਣ ਲਈ ਪ੍ਰਾਈਵੇਟ ਬੱਸਾਂ ਜਾਂ ਨਿੱਜੀ ਗੱਡੀਆਂ ਦੀ ਵਰਤੋਂ ਹੀ ਕਿਉਂ ਕਰਨੀ ਪੈਂਦੀ ਹੈ।
ਮਾਨ ਨੇ ਕਿਹਾ ਕਿ ਇਨ੍ਹਾਂ ਸਰਕਾਰੀ ਵੋਲਵੋ ਬੱਸਾਂ ਦਾ ਕਿਰਾਇਆ ਪ੍ਰਾਈਵੇਟ ਬੱਸਾਂ ਤੋਂ ਅੱਧਾ ਹੋਵੇਗਾ ਅਤੇ ਸਹੂਲਤਾਂ ਵੀ ਪ੍ਰਾਈਵੇਟ ਨਾਲੋਂ ਜ਼ਿਆਦਾ ਹੋਣਗੀਆਂ। ਇਨ੍ਹਾਂ ਬੱਸੀਆਂ ਦੀ ਬੂਕਿੰਗ ਰੋਡਵੇਜ਼, ਪਨਬਸ ਜਾਂ ਪੈਪਸੂ ਦੀ ਵੈੱਬਸਾਈਟ ’ਤੇ ਜਾ ਕੇ ਕੀਤੀ ਜਾ ਸਕਦੀ ਹੈ ਜਾਂ ਇਨ੍ਹਾਂ ਦਾ ਸ਼ਡਿਊਲ ਦੇਖਿਆ ਜਾ ਸਕਦਾ ਹੈ। ਮਾਨ ਨੇ ਕਿਹਾ ਕਿ ਇਸ ਨਾਲ ਬੱਸ ਮਾਫੀਆ ਨੂੰ ਖ਼ਤਮ ਕਰਨ ਵਿਚ ਮਦਦ ਮਿਲੇਗੀ।