ਅੰਮ੍ਰਿਤਸਰ- ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕੇਂਦਰ ਸਰਕਾਰ ਵਲੋਂ Z ਸੁਰੱਖਿਆ ਦੇ ਦਿੱਤੀ ਗਈ ਹੈ। ਜਥੇਦਾਰ ਨੂੰ ਦਿੱਤੀ ਗਈ Z ਸੁਰੱਖਿਆ ’ਚ ਕੇਂਦਰ ਸਰਕਾਰ ਨੇ 6 ਕਮਾਂਡੋ ਦਿੱਤੇ ਹਨ, ਜਿਸ ’ਚ 4 ਸਿੱਖ ਕਮਾਂਡੋ ਅਤੇ 2 ਹਿੰਦੂ ਕਮਾਂਡੋ ਸ਼ਾਮਲ ਹਨ। ਜਥੇਦਾਰ ਨੂੰ ਕੇਂਦਰ ਸਰਕਾਰ ਨੇ ਇਸ ਕਰਕੇ ਸੁਰੱਖਿਆ ਦਿੱਤੀ ਹੈ, ਕਿਉਂਕਿ ਉਨ੍ਹਾਂ ਨੇ ਪੰਜਾਬ ਸਰਕਾਰ ਵਲੋਂ ਦਿੱਤੀ ਜਾਣ ਵਾਲੀ ਸੁਰੱਖਿਆ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।
ਦੱਸ ਦੇਈਏ ਕਿ ਬੀਤੇ ਦਿਨੀਂ ਪੰਜਾਬ ਸਰਕਾਰ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖਿਆ ਵਾਪਸ ਲੈ ਲਈ ਸੀ। ਸੁਰੱਖਿਆ ਵਾਪਸ ਲੈਣ ’ਤੇ ਜਥੇਦਾਰ ਨੇ ਵੀਡੀਓ ਜਾਰੀ ਕਰਦੇ ਹੋਏ ਮਾਨ ਸਰਕਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਦੀ ਸੁਰੱਖਿਆ ਦੀ ਲੋੜ ਨਹੀਂ ਹੈ। ਉਨ੍ਹਾਂ ਦੀ ਸੁਰੱਖਿਆ ਲਈ ਸ਼੍ਰੋਮਣੀ ਕਮੇਟੀ ਦੀ ਸਿੱਖ ਟਾਸਕ ਫੋਰਸ ਦੇ ਨੌਜਵਾਨ ਹੀ ਬਹੁਤ ਹਨ, ਜੋ ਹਰ ਸਮੇਂ ਉਨ੍ਹਾਂ ਦੇ ਨਾਲ ਰਹਿੰਦੇ ਹਨ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਜਥੇਦਾਰ ਨੂੰ Z ਸੁਰੱਖਿਆ ਦੇਣ ਦਾ ਐਲਾਨ ਕਰ ਦਿੱਤਾ।
ਦੱਸ ਦੇਈਏ ਕਿ ਬੀਤੇ ਦਿਨੀਂ ਮੁੱਖ ਮੰਤਰੀ ਅਤੇ ਜਥੇਦਾਰ ਦੀ ਬੰਦ ਕਮਰਾ ਬੈਠਕ ਹੋਈ ਸੀ। ਇਸ ਬੈਠਕ ’ਚ ਦੋਵਾਂ ’ਚ ਕੀ ਗੱਲਬਾਤ ਕੀਤੀ ਹੋਈ, ਇਸ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਲੱਗਾ। ਇਸ ਦੌਰਾਨ ਇਹ ਕਿਆਸਰਾਈਆਂ ਲਗਾਈਆਂ ਜਾ ਸਕਦੀਆਂ ਹਨ ਕਿ ਦੋਵਾਂ ਵਿਚਕਾਰ ਸੁਰੱਖਿਆਂ ਨੂੰ ਲੈ ਕੇ ਗੱਲਬਾਤ ਹੋਈ ਹੈ, ਜਿਸ ਤੋਂ ਬਾਅਦ ਜਥੇਦਾਰ ਨੇ ਸੁਰੱਖਿਆ ਲੈ ਲਈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅੱਜ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਪਹੁੰਚੇ। ਜਥੇਦਾਰ ਅਤੇ ਲੌਂਗੋਵਾਲ ਨੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਅਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਕੁਝ ਸਮਾਂ ਰੁੱਕਣ ਤੋਂ ਬਾਅਦ ਜਥੇਦਾਰ ਸਾਹਿਬ ਪੱਤਰਕਾਰਾਂ ਨਾਲ ਗੱਲਬਾਤ ਕੀਤੇ ਬਿਨਾਂ ਉਥੋਂ ਚਲੇ ਗਏ।