ਘੱਲੂਘਾਰਾ ਦਿਵਸ : ਕੌਮ ਦੇ ਨਾਂ ’ਤੇ ਸੰਦੇਸ਼ ਦਿੰਦੇ ਹੋਏ ਜਥੇਦਾਰ ਨੇ ਮੁੜ ਕੀਤੀ ਮਾਡਰਨ ਹਥਿਆਰਾਂ ਦੀ ਗੱਲ

asr/nawanpunjab.com

ਅੰਮ੍ਰਿਤਸਰ, 6 ਜੂਨ- ਅੰਮ੍ਰਿਤਸਰ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸਾਕਾ ਨੀਲਾ ਤਾਰਾ ਦੀ ਬਰਸੀ ਦੇ ਮੌਕੇ ’ਤੇ ਕੌਮ ਦੇ ਨਾਮ ’ਤੇ ਸੰਦੇਸ਼ ਦਿੱਤਾ ਗਿਆ। ਜਥੇਦਾਰ ਨੇ ਇਸ ਮੌਕੇ ਆਈ ਹੋਈ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਧਾਰਮਿਕ ਤੌਰ ’ਤੇ ਮਜ਼ਬੂਤ ਹੋਣਾ ਪਵੇਗਾ। 1947 ਤੋਂ ਲੈ ਕੇ ਹੀ ਸਿੱਖਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਥੇਦਾਰ ਨੇ ਇਕ ਮੌਕੇ ਪੰਥਕ ਧਿਰਾਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਏ.ਸੀ. ਕਮਰਿਆਂ ਵਿਚੋਂ ਬਾਹਰ ਨਿਕਲ ਕੇ ਧਰਮ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਕਰਨ ਦੀ ਜ਼ਰੂਰਤ ਹੈ। ਜਥੇਦਾਰ ਨੇ ਕਿਹਾ ਕਿ ਪੰਜਾਬ ’ਚ ਇਸਾਈ ਧਰਮ ਦਾ ਪ੍ਰਚਾਰ ਜ਼ੋਰਾਂ-ਸ਼ੋਰਾਂ ਨਾਲ ਹੋ ਰਿਹਾ ਹੈ, ਜੋ ਸਾਡੇ ਸਭ ਲਈ ਚਿੰਤਾ ਦੀ ਗੱਲ ਹੈ। 6 ਜੂਨ 1984 ਨੂੰ ਸਿੱਖਾਂ ਦੇ ਪਵਿੱਤਰ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ ‘ਤੇ ਅੱਜ ਦੇ ਦਿਨ ਹੋਏ ਹਮਲੇ ਨੂੰ ਅੱਜ ਵੀ ਲੋਕ ਯਾਦ ਕਰਕੇ ਕੰਬਦੇ ਹਨ।

ਕੌਮ ਦੇ ਨਾਂ ’ਤੇ ਸਦੇਸ਼ ਦਿੰਦੇ ਸਮੇਂ ਜਥੇਦਾਰ ਹਰਪ੍ਰੀਤ ਸਿੰਘ ਨੇ ਮੁੜ ਮਾਡਰਨ ਹਥਿਆਰਾਂ ਦੀ ਗੱਲ ਕੀਤੀ ਹੈ। ਜਥੇਦਾਰ ਸਾਹਿਬ ਨੇ ਕਿਹਾ ਕਿ ਅੱਜ ਦੇ ਸਮੇਂ ’ਚ ਹਰੇਕ ਸਿੱਖ ਨੂੰ ਗਤਕਾ ਅਤੇ ਸ਼ਸਤਰ ਵਿਦਿਆ ਹਾਸਿਲ ਕਰਨ ਦੀ ਲੋੜ ਹੈ। ਸਾਰੇ ਲੋਕ ਆਪਣੀ ਸੁਰੱਖਿਆ ਨੂੰ ਲੈ ਕੇ ਸ਼ਸਤਰ ਵਿਦਿਆ ਜ਼ਰੂਰ ਹਾਸਲ ਕਰਨ। ਜਥੇਦਾਰ ਨੇ ਇਸ ਮੌਕੇ ਸ਼ੂਟਿੰਗ ਰੇਂਜ ਬਣਾਉਣ ਦੀ ਵੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਸ਼ਸ਼ਤਰ ਚਲਾਉਣ ਦੀ ਸਿਖਲਾਈ ਦਿੱਤੀ ਜਾਵੇਗੀ।
ਦੱਸ ਦੇਈਏ ਕਿ ਜੂਨ 1984 ਘੱਲੂਘਾਰੇ ਦੀ ਵਰ੍ਹੇਗੰਢ ਮੌਕੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਅਕਾਲੀ ਆਗੂ ਸਿਮਰਨਜੀਤ ਸਿੰਘ ਮਾਨ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸੰਗਤਾਂ ਸ਼ਾਮਲ ਹੋਈਆਂ ਹਨ। ਅੰਮ੍ਰਿਤਸਰ ’ਚ ਇਸ ਸਮੇਂ ਪੁਲਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।ਅੰਮ੍ਰਿਤਸਰ ਨੂੰ ਛਾਉਣੀ ਵਿੱਚ ਤਬਦੀਲ ਕੀਤਾ ਗਿਆ ਹੈ।

Leave a Reply

Your email address will not be published. Required fields are marked *