ਅੰਬਾਲਾ, 21 ਮਈ- ਹਰਿਆਣਾ ਦੇ ਅੰਬਾਲਾ ‘ਚ ਬੋਤਲ ਦਾ ਢੱਕਣ ਗਲ਼ੇ ‘ਚ ਫਸਣ ਨਾਲ 15 ਸਾਲਾ ਮੁੰਡੇ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਅੰਬਾਲਾ ਕੈਂਟ ‘ਚ ਡਿਫੈਂਸ ਕਾਲੋਨੀ ‘ਚ ਰਹਿਣ ਵਾਲੇ ਯਸ਼ ਵਜੋਂ ਕੀਤੀ ਗਈ ਹੈ। ਉਹ 11ਵੀਂ ਜਮਾਤ ਦਾ ਵਿਦਿਆਰਥੀ ਸੀ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਰਾਤ ਯਸ਼ ਦੀ ਭੈਣ ਕੋਲਡ ਡਰਿੰਕ ਦੀ ਬੋਤਲ ਦਾ ਢੱਕਣ ਖੋਲ੍ਹ ਰਹੀ ਸੀ ਪਰ ਉਹ ਉਸ ਨੂੰ ਖੋਲ੍ਹ ਨਹੀਂ ਸਕੀ ਅਤੇ ਉਸ ਨੇ ਆਪਣੇ ਭਰਾ ਨੂੰ ਬੋਤਲ ਖੋਲ੍ਹਣ ਲਈ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਯਸ਼ ਨੇ ਆਪਣੇ ਦੰਦਾਂ ਨਾਲ ਢੱਕਣ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜੋ ਨਿਕਲ ਕੇ ਉਸ ਦੀ ਸਾਹ ਨਲੀ ‘ਚ ਫਸ ਗਿਆ। ਯਸ਼ ਦੇ ਪਰਿਵਾਰ ਨੇ ਢੱਕਣ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਹ ਇਸ ‘ਚ ਸਫ਼ਲ ਨਹੀਂ ਹੋਏ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਪੁਲਸ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ।