ਮੋਹਾਲੀ, 17 ਮਈ- ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਲ ਪੰਜਾਬ ਦੀਆਂ 23 ਕਿਸਾਨ ਜੱਥੇਬੰਦੀਆਂ ਵੱਲੋਂ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਅੱਜ ਇੱਥੇ ਟਰੈਕਟਰ ਮਾਰਚ ਕੀਤਾ ਗਿਆ। ਇਸਦੌਰਾਨ ਕਿਸਾਨਾਂ ਨੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਤੋਂ ਚੰਡੀਗੜ੍ਹ ਵੱਲ ਨੂੰ ਕੂਚ ਕਰਨਾ ਸ਼ੁਰੂ ਕੀਤਾ।
ਮੋਹਾਲੀ ਪੁਲਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਮੋਹਾਲੀ-ਚੰਡੀਗੜ੍ਹ ਬੈਰੀਅਰ ‘ਤੇ 3 ਬੈਰੀਕੇਡ ਲਾਏ ਹੋਏ ਸਨ। ਕਿਸਾਨਾਂ ਵੱਲੋਂ ਮੋਹਾਲੀ ਪੁਲਸ ਵੱਲੋਂ ਲਾਇਆ ਪਹਿਲਾ ਬੈਰੀਕੇਡ ਤੋੜ ਦਿੱਤਾ ਗਿਆ ਅਤੇ ਉਹ ਉਹ ਅੱਗੇ ਵੱਧ ਗਏ। ਹਾਲਾਂਕਿ ਅੱਗੇ ਵਾਈ. ਪੀ. ਐੱਸ ਚੌਂਕ ‘ਤੇ ਮੋਹਾਲੀ ਪੁਲਸ ਨੇ ਕਿਸਾਨਾਂ ਨੂੰ ਰੋਕ ਲਿਆ। ਇਸ ਦੌਰਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਇੱਥੇ ਹੀ ਬੈਠ ਜਾਣ ਅਤੇ ਆਗੂਆਂ ਵੱਲੋਂ ਕੀਤੀ ਜਾਣ ਵਾਲੀ ਅੱਗੇ ਦੀ ਕਾਰਵਾਈ ਦੀ ਉਡੀਕ ਕਰਨ।
ਫਿਲਹਾਲ ਕਿਸਾਨ ਵਾਈ. ਪੀ. ਐੱਸ. ਚੌਂਕ ‘ਤੇ ਹੀ ਧਰਨਾ ਲਾ ਕੇ ਬੈਠ ਗਏ। ਇਸ ਧਰਨੇ ‘ਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਸੁਰਜੀਤ ਫੂਲ, ਬਲਵੰਤ ਸਿੰਘ ਬਹਿਰਾਮ ਕੇ, ਹਰਿੰਦਰ ਸਿੰਘ ਲੱਖੋਵਾਲ, ਅਮਰਜੀਤ ਸਿੰਘ ਅਤੇ ਦਰਸ਼ਨਪਾਲ ਸਿੰਘ ਸ਼ਾਮਲ ਹਨ। ਕਿਸਾਨ ਆਗੂਆਂ ਵੱਲੋਂ ਪੰਜਾਬ ਸਰਕਾਰ ਨੂੰ 24 ਘੰਟੇ ਦਾ ਅਲਟੀਮੇਟਮ ਦਿੱਤਾ ਗਿਆ ਹੈ। ਉਕਤ ਆਗੂਆਂ ਦਾ ਕਹਿਣਾ ਹੈ ਕਿ ਜੇਕਰ 24 ਘੰਟਿਆਂ ਅੰਦਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਇੱਥੇ ਹੀ ਪੱਕਾ ਮੋਰਚਾ ਲਾ ਕੇ ਬੈਠ ਜਾਣਗੇ ਅਤੇ ਸਰਕਾਰ ਖ਼ਿਲਾਫ਼ ਉਦੋਂ ਤੱਕ ਪ੍ਰਦਰਸ਼ਨ ਕਰਨਗੇ, ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ।