ਐਸ. ਏ. ਐਸ. ਨਗਰ, 17 ਮਈ – ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਿਲ 23 ਕਿਸਾਨ ਜਥੇਬੰਦੀਆਂ ਵਲੋਂ ਅੱਜ 17 ਮਈ ਨੂੰ ਪੱਕਾ ਮੋਰਚਾ ਲਗਾਉਣ ਤੋਂ ਰੋਕਣ ਲਈ ਚੰਡੀਗੜ੍ਹ ਮੁਹਾਲੀ ਪੁਲਿਸ ਵਲੋਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ | ਚੰਡੀਗੜ੍ਹ ਮੁਹਾਲੀ ਪੁਲਿਸ ਵਲੋਂ ਕਿਸਾਨਾਂ ਨੂੰ ਰੋਕਣ ਲਈ ਵਾਈ.ਪੀ.ਐਸ. ਚੌਕ ਨੇੜਲੇ ਚੰਡੀਗੜ੍ਹ ਮੁਹਾਲੀ ਬੈਰੀਅਰ ‘ਤੇ ਸਖ਼ਤ ਬੈਰੀਕੇਟਿੰਗ ਅਤੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਕਰਨ ਤੋਂ ਇਲਾਵਾ ਵਾਟਰ ਕੈਨਨ ਅਤੇ ਟਰੱਕਾਂ ਨੂੰ ਸੜਕ ਉਪਰ ਖੜ੍ਹਾ ਕਰਕੇ ਸੜਕ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ |
ਵਾਈ.ਪੀ.ਐਸ.ਚੌਕ ਨੇੜਲੇ ਬੈਰੀਅਰ ਨੂੰ ਸੀਲ ਕਰਨ ਤੋਂ ਇਲਾਵਾ ਮੁਹਾਲੀ ਅਤੇ ਚੰਡੀਗੜ੍ਹ ਨੂੰ ਜਾਣ ਵਾਲੇ ਹੋਰ ਕਈ ਰਸਤਿਆਂ ਨੂੰ ਵੀ ਪੁਲਿਸ ਵਲੋਂ ਬੈਰੀਕੇਟਿੰਗ ਕਰਕੇ ਅਤੇ ਸੜਕ ‘ਤੇ ਟਿੱਪਰ ਖੜ੍ਹੇ ਕਰਕੇ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ | ਜਿਸ ਕਾਰਨ ਚੰਡੀਗੜ੍ਹ ਤੋਂ ਮੁਹਾਲੀ ਜਾਂ ਮੋਹਾਲੀ ਤੋਂ ਚੰਡੀਗੜ੍ਹ ਆਉਣ ਵਾਲੇ ਲੋਕਾਂ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ |