ਨਵਾਂਸ਼ਹਿਰ, 9 ਮਈ– ਵਿਧਾਨ ਸਭਾ ਚੋਣਾਂ ’ਚ ਹਾਈਕਮਾਨ ਵੱਲੋਂ ਨਵਾਂਸ਼ਹਿਰ ਤੋਂ ਟਿਕਟ ਨਾ ਦਿੱਤੇ ਜਾਣ ਕਾਰਨ ਬਾਗੀ ਹੋ ਕੇ ਆਜ਼ਾਦ ਚੋਣ ਲੜਨ ਵਾਲੇ ਸਾਬਕਾ ਵਿਧਾਇਕ ਅੰਗਦ ਸੈਣੀ ਨੇ ਮੁੜ ਕਾਂਗਰਸ ’ਚ ਵਾਪਸੀ ਕਰ ਲਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਅੰਗਦ ਸੈਣੀ ਨੂੰ ਦੋਬਾਰਾ ਪਾਰਟੀ ਜੁਆਇਨ ਕਰਵਾਈ। ਇਸ ਦੀ ਜਾਣਕਾਰੀ ਰਾਜਾ ਵੜਿੰਗ ਨੇ ਖ਼ੁਦ ਟਵੀਟ ਕਰਕੇ ਦਿੱਤੀ ਹੈ। ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਹਰ ਵਰਕਰ ਨੂੰ ਮਾਣ-ਸਨਮਾਨ ਦਿੱਤਾ ਜਾਵੇਗਾ। ਅੰਗਦ ਸੈਣੀ ਨੇ ਕਿਹਾ ਕਿ ਉਹ ਕਾਂਗਰਸ ’ਚ ਦੋਬਾਰਾ ਸ਼ਾਮਲ ਹੋਣ ’ਤੇ ਬੇਹੱਦ ਖ਼ੁਸ਼ ਹਨ। ਇਸ ਦੌਰਾਨ ਰਾਜਾ ਵੜਿੰਗ ਨੇ ਸੈਣੀ ਨੂੰ ਗਲੇ ਲਗਾ ਕੇ ਮੁਬਾਰਕਾਂ ਵੀ ਦਿੱਤੀਆਂ।
ਇਥੇ ਦੱਸਣਯੋਗ ਹੈ ਕਿ ਅੰਗਦ ਸਿੰਘ ਰਾਏਬਰੇਲੀ ਸਦਰ ਤੋਂ ਭਾਜਪਾ ਦੀ ਵਿਧਾਇਕਾ ਅਦਿਤੀ ਸਿੰਘ ਦੇ ਪਤੀ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਅਦਿਤੀ ਸਿੰਘ ਵੀ ਪਹਿਲਾਂ ਕਾਂਗਰਸ ਦੀ ਪਾਰਟੀ ’ਚ ਸਨ ਪਰ ਸਾਲ 2002 ਦੀਆਂ ਯੂ. ਪੀ. ਚੋਣਾਂ ਤੋਂ ਪਹਿਲਾਂ ਹੀ ਭਾਜਪਾ ’ਚ ਸ਼ਾਮਲ ਹੋ ਗਏ ਸਨ। ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੇ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਸੀ, ਇਸੇ ਕਰਕੇ ਬਾਗੀ ਹੋਏ ਅੰਗਦ ਸੈਣੀ ਨੇ ਪਾਰਟੀ ਛੱਡ ਆਜ਼ਾਦ ਚੋਣ ਲੜੀ ਸੀ ਪਰ ਹਾਰ ਦਾ ਮੂੰਹ ਵੇਖਣਾ ਪਿਆ ਸੀ। ਅੰਗਦ ਨਵਾਂਸ਼ਹਿਰ ਕੌਂਸਲ ਪ੍ਰਧਾਨ, ਜ਼ਿਲ੍ਹਾ ਪ੍ਰੀਸ਼ਦ ਪ੍ਰਧਾਨ ਅਤੇ ਹੋਰ ਸਮਰਥਕਾਂ ਦੇ ਨਾਲ ਕਾਂਗਰਸ ’ਚ ਸ਼ਾਮਲ ਹੋ ਗਏ। ਇਸ ਮੌਕੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਵੀ ਮੌਜੂਦ ਸਨ।
ਰਾਜਾ ਵੜਿੰਗ ਨੇ ਟਵੀਟ ਕਰਕੇ ਹੋਏ ਲਿਖਿਆ ਕਿ ਅੱਜ ਨਵਾਂਸ਼ਹਿਰ ’ਚ ਅੰਗਦ ਸੈਣੀ ਨੂੰ ਕਾਂਗਰਸ ਪਾਰਟੀ ’ਚ ਜੀ ਆਇਆਂ ਕਹਿਣ ਲਈ ਮੈਂ ਅਤੇ ਭਾਰਤ ਭੂਸ਼ਣ ਜੀ ਉਨ੍ਹਾਂ ਦੇ ਘਰ ਗਏ। ਹਰ ਕਾਂਗਰਸ ਪਾਰਟੀ ਦੇ ਵਰਕਰ ਦਾ ਬਣਦਾ ਮਾਣ ਸਤਿਕਾਰ ਦੇਣ ’ਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।
ਕਾਂਗਰਸ ’ਤੇ ਅੰਗਦ ਨੇ ਲਗਾਏ ਸਨ ਇਹ ਗੰਭੀਰ ਦੋਸ਼
ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਟਿਕਟ ਕੱਟੇ ਜਾਣ ’ਤੇ ਅੰਗਦ ਸਿੰਘ ਸੈਣੀ ਨੇ ਦੋਸ਼ ਲਗਾਇਆ ਸੀ ਕਿ ਟਿਕਟ ਦੇ ਬਦਲੇ ਪਾਰਟੀ ਉਨ੍ਹਾਂ ’ਤੇ ਪਤਨੀ ਅਦਿਤੀ ਖ਼ਿਲਾਫ਼ ਇੰਟਰਨੈੱਟ ਮੀਡੀਆ ’ਤੇ ਅਪਸ਼ਬਦ ਲਿਖਣ ਦਾ ਦਬਾਅ ਬਣਾ ਰਹੀ ਸੀ। ਜਦੋਂ ਉਨ੍ਹਾਂ ਨੇ ਇਨਕਾਰ ਕੀਤਾ ਤਾਂ ਉਨ੍ਹਾਂ ਨੂੰ ਟਿਕਟ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਦੇ ਬਾਅਦ ਅੰਗਦ ਨੇ ਬਗਾਵਤ ਕਰਦੇ ਹੋਏ ਚੋਣ ਮੈਦਾਨ ’ਚ ਆਜ਼ਾਦ ਉਮੀਦਵਾਰ ਦੇ ਰੂਪ ’ਚ ਉਤਰਣ ਦਾ ਫ਼ੈਸਲਾ ਕੀਤਾ ਸੀ। ਉਹ ਖ਼ੁਦ ਤਾਂ ਨਹੀਂ ਜਿੱਤੇ ਪਰ ਕਾਂਗਰਸ ਦੇ ਉਮੀਦਵਾਰ ਨੂੰ ਵੀ ਨਹੀਂ ਜਿੱਤਣ ਦਿੱਤਾ ਅਤੇ ਬਾਜ਼ੀ ਨੱਛਤਰ ਪਾਲ ਦੇ ਹੱਥ ਲੱਗੀ, ਜੋ ਪੰਜਾਬ ’ਚ ਬਸਪਾ ਦੇ ਇਕਲੌਤ ਵਿਧਾਇਕ ਹਨ। ਉਥੇ ਹੀ ਅਦਿਤੀ ਸਿੰਘ ਨੇ ਯੂ.ਪੀ. ਕਾਂਗਰਸ ਦੀ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ’ਤੇ ਜਾਣਬੁੱਝ ਕੇ ਉਨ੍ਹਾਂ ਦੇ ਪਤੀ ਨੂੰ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਸੀ। ਯੂ. ਪੀ. ਵਿਧਾਨ ਸਭਾ ਚੋਣਾਂ ’ਚ ਜਿੱਥੇ ਅਦਿਤੀ ਸਿੰਘ ਨੂੰ ਭਾਜਪਾ ਦੀ ਟਿਕਟ ’ਤੇ ਜਿੱਤ ਹਾਸਲ ਹੋਈ ਸੀ,. ਉਥੇ ਹੀ ਨਵਾਂਸ਼ਹਿਰ ’ਚ ਅੰਗਦ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।