ਅਟਾਰੀ, 9 ਮਈ– ਭਾਰਤ-ਪਾਕਿਸਤਾਨ ਸਰਹੱਦ ਨੇੜੇ ਬੀ.ਐੱਸ. ਐੱਫ ਦੇ ਜਵਾਨਾਂ ਨੇ ਪਾਕਿ ਡਰੋਨ ਅਤੇ 9 ਪੈਕੇਟ ਹੈਰੋਇਨ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ ਦੇ ਜਵਾਨਾਂ ਨੂੰ ਬੀਤੀ ਰਾਤ ਪਾਕਿ ਤੋਂ ਆ ਰਹੇ ਇਕ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਡਰੋਨ ਦੀ ਆਵਾਜ਼ ਸੁਣਦੇ ਸਾਰ ਜਵਾਨਾਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਫਾਇਰਿੰਗ ਕਾਰਨ ਡਰੋਨ ਹੇਠਾਂ ਡਿੱਗ ਪਿਆ, ਜਿਸ ਨਾਲ ਇਕ ਬੈਗ ਲਟਕ ਰਿਹਾ ਸੀ।
ਸੂਤਰਾਂ ਅਨੁਸਾਰ ਬੀ.ਐੱਸ.ਐੱਫ ਦੇ ਜਵਾਨਾਂ ਨੇ ਡਰੋਨ ਦੇ ਨਾਲ-ਨਾਲ ਉਸ ਬੈਗ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਬੈਗ ਨੂੰ ਖੋਲ੍ਹਣ ’ਤੇ ਉਸ ’ਚੋਂ 9 ਪੈਕੇਟ ਹੈਰੋਇਨ ਬਰਾਮਦ ਹੋਈ, ਜਿਸ ਦਾ ਭਾਰ 10.670 ਕਿਲੋਗ੍ਰਾਮ ਦੱਸਿਆ ਜਾ ਰਿਹਾ ਹੈ। ਬਰਾਮਦ ਹੋਈ ਹੈਰੋਇਨ ਪੀਲੇ ਰੰਗ ਦੇ ਪੈਕਟਾਂ ਉੱਤੇ ਟੇਪਾਂ ਨਾਲ ਚੜ੍ਹਾ ਕੇ ਰੱਖੀ ਹੋਈ ਸੀ। ਬਰਾਮਦ ਹੋਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ’ਚ ਕੀਮਤ 13 ਕਰੋੜ ਰੁਪਏ ਦੱਸੀ ਜਾ ਰਹੀ ਹੈ, ਜਿਸ ਨੂੰ ਅਧਿਕਾਰੀਆਂ ਨੇ ਆਪਣੇ ਕਬਜ਼ੇ ’ਚ ਲੈ ਲਿਆ ਹੈ। ਹਾਲਾਂਕਿ ਬੀਐਸਐਫ ਵੱਲੋਂ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।