ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਦੁੱਧ ਵਾਲੀ ਟੈਂਕੀ ’ਚ ਡੁੱਬਕੀ ਲਗਾਉਂਦੇ ਦੀ ਵੀਡੀਓ ’ਤੇ ਹਰਪਾਲ ਚੀਮਾ ਦਾ ਵੱਡਾ ਬਿਆਨ

cheema/nawanpunjab.com

ਚੰਡੀਗੜ੍ਹ, 7 ਮਈ–  ਪੰਜਾਬ ਦੇ ਵਿੱਤ ਅਤੇ ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਉਸ ਵੀਡੀਓ ਨੂੰ ਫਰਜ਼ੀ ਕਰਾਰ ਦਿੱਤਾ ਹੈ, ਜਿਸ ਵਿਚ ਇਕ ਵਿਅਕਤੀ ਦੁੱਧ ਦੀ ਟੈਂਕੀ ਵਿਚ ਡੁਬਕੀ ਲਗਾ ਰਿਹਾ ਸੀ ਅਤੇ ਆਖਿਆ ਜਾ ਰਿਹਾ ਸੀ ਕਿ ਇਹ ਵੀਡੀਓ ਵੇਰਕਾ ਦੀ ਹੈ। ਇਸ ਵੀਡੀਓ ਨੂੰ ਫਰਜ਼ੀ ਕਰਾਰ ਦਿੰਦਿਆਂ ਚੀਮਾ ਨੇ ਕਿਹਾ ਕਿ ਇਹ ਵੀਡੀਓ ਤੁਰਕੀ ਦੀ ਹੈ। ਉਨ੍ਹਾਂ ਕਿਹਾ ਕਿ ਇਸ ਵਿਚ ਵੇਰਕਾ ਕੰਪਨੀ ਦੇ ਨਾਮ ਦੀ ਬਦਨਾਮੀ ਕਰਕੇ ਬ੍ਰਾਂਡ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਕਾਰਨ ਮਿਲਕਫੈੱਡ ਨੇ ਆਈ.ਟੀ. ਐਕਟ 2000 ਤਹਿਤ ਪੰਜਾਬ ਪੁਲਸ ਦੇ ਸਾਈਬਰ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਵੀਡੀਓ ਦੀ ਗੱਲ ਕਰੀਏ ਤਾਂ ਇਹ ਸਾਲ 2020 ਦੀ ਹੈ ਜੋ ਕਿ ਸੋਸ਼ਲ ਮੀਡੀਆਂ ‘ਤੇ ਕਾਫ਼ੀ ਵਾਇਰਲ ਹੋਈ ਸੀ। ਇਸ ਵਿਚ ਇਕ ਵਿਅਕਤੀ ਦੁੱਧ ਦੀ ਟੈਂਕੀ ਵਿਚ ਡੁਬਕੀ ਲਗਾਉਂਦਾ ਨਜ਼ਰ ਆ ਰਿਹਾ ਹੈ। ਕਿਸੇ ਵਿਅਕਤੀ ਨੇ ਕੰਪਨੀ ਦੀ ਸਾਖ ਨੂੰ ਖ਼ਰਾਬ ਕਰਨ ਦੇ ਇਰਾਦੇ ਨਾਲ ਇਹ ਵੀਡੀਓ ‘ਤੇ ਵੇਰਕਾ ਦਾ ਨਾਮ ਲਿਖ ਦਿੱਤਾ ਸੀ। ਚੀਮਾ ਨੇ ਕਿਹਾ ਕਿ ਵੀਡੀਓ ਤੋਂ ਸਾਫ਼ ਜਾਹਰ ਹੁੰਦਾ ਹੈ ਕਿ ਉਕਤ ਸਾਜ਼ਿਸ਼ ਵੇਰਕਾ ਨੂੰ ਬਦਨਾਮ ਕਰਨ ਅਤੇ ਅਕਸ ਨੂੰ ਢਾਹ ਲਗਾਉਣ ਦੇ ਮਾੜੇ ਇਰਾਦੇ ਨਾਲ ਕੀਤੀ ਗਈ ਹੈ। ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਇਸ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।ਚੀਮਾ ਨੇ ਕਿਹਾ ਕਿ ਵੀਡੀਓ ਸਪੱਸ਼ਟ ਤੌਰ ‘ਤੇ ਵੇਰਕਾ ਨਾਲ ਸੰਬੰਧਤ ਨਹੀਂ ਹੈ ਅਤੇ ਇਸ ‘ਤੇ ਕਾਰਵਾਈ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਇਸ ਵੀਡੀਓ ਰਾਹੀਂ ਖ਼ਰੀਦਦਾਰਾਂ ਅਤੇ ਕਿਸਾਨਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਸਾਈਬਰ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਉਣ ਵਾਲੇ ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਇਸ ਵੀਡੀਓ ਦਾ ਵੇਰਕਾ ਨਾਲ ਕੋਈ ਸਬੰਧ ਨਹੀਂ ਹੈ ਅਤੇ ਮੀਡੀਆ ਰਿਪੋਰਟਾਂ ਮੁਤਾਬਕ ਇਹ ਵੀਡੀਓ ਤੁਰਕੀ ਦੇ ਕੇਂਦਰੀ ਐਨਾਟੋਲੀਅਨ ਸੂਬੇ ਦੇ ਕੋਨੀਆ ਨਾਮਕ ਉਪਨਗਰ ਵਿਚ ਬਣਾਈ ਗਈ ਸੀ। ਵੀਡੀਓ ‘ਚ ਨਜ਼ਰ ਆ ਰਿਹਾ ਉਕਤ ਵਿਅਕਤੀ ਤੁਰਕੀ ਦਾ ਰਹਿਣ ਵਾਲਾ ਹੈ ਜਿਸ ਦੀ ਪਛਾਣ ਐਮਰੇ ਸਯਾਰ ਵਜੋਂ ਕੀਤੀ ਗਈ ਹੈ। ਇਹ ਵੀਡੀਓ ਕਥਿਤ ਤੌਰ ‘ਤੇ ਤੁਰਕੀ ਦੇ ਉਗਰ ਤੁਰਗੁਤ ਨਾਮ ਦੇ ਇੱਕ ਨਿਵਾਸੀ ਵਲੋਂ ਸੋਸ਼ਲ ਮੀਡੀਆਂ ‘ਤੇ ਸਾਂਝੀ ਕੀਤੀ ਗਈ ਸੀ ਅਤੇ ਤੁਰਕੀ ਸਰਕਾਰ ਨੇ ਦੋਵਾਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਵੀ ਕੀਤੀ ਸੀ।

Leave a Reply

Your email address will not be published. Required fields are marked *