ਰੂਪਨਗਰ, 7 ਮਈ – ਰੂਪਨਗਰ ਵਿਖੇ ਇਕ ਕਾਰ ਚਾਲਕ ਵੱਲੋਂ ਭਾਖ਼ੜਾ ਨਹਿਰ ’ਚ ਕਾਰ ਸਮੇਤ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਰੂਪਨਗਰ ਵਿਚ ਭਯੋਰਾ ਪੁੱਲ ਰੂਪਨਗਰ-ਚੰਡੀਗੜ੍ਹ ਮਾਰਗ ਦੇ ਹੇਠਾਂ ਤੋਂ ਲੰਘਦੀ ਭਾਖ਼ੜਾ ਨਹਿਰ ’ਚ ਕਾਰ ਚਾਲਕ ਨੇ ਕਾਰ ਸੁੱਟ ਦਿੱਤੀ। ਮੌਕੇ ’ਤੇ ਮੌਜੂਦ ਗੋਤਾਖੋਰਾਂ ਨੇ ਕਾਰ ਨਹਿਰ ’ਚ ਡਿੱਗਦੇ ਹੀ ਤੁਰੰਤ ਬਚਾਅ ਕਾਰਜ ਸ਼ੁਰੂ ਕੀਤਾ ਅਤੇ ਰੱਸੀ ਨੂੰ ਨਹਿਰ ’ਚ ਸੁੱਟਿਆ ਪਰ ਕਾਰ ਚਾਲਕ ਬਾਹਰ ਨਹੀਂ ਨਿਕਲਿਆ।
ਗੋਤਾਖ਼ੋਰਾਂ ਨੇ ਕਾਰ ਦੇ ਡੁੱਬਣ ਤੋਂ ਪਹਿਲਾਂ ਕਾਰ ਦੇ ਕੋਲ ਜਾ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਕਾਰ ਦੇ ਸ਼ੀਸ਼ੇ ਨਹੀਂ ਖੁੱਲ੍ਹੇ। ਕਾਰ ਪੀ. ਬੀ.-65 ਮੋਹਾਲੀ ਜ਼ਿਲ੍ਹੇ ਦੀ ਦੱਸੀ ਜਾ ਰਹੀ ਹੈ। ਕਾਰ ’ਚ ਕਿੰਨੇ ਲੋਕ ਸਵਾਰ ਸਨ ਇਹ ਅਜੇ ਪਤਾ ਨਹੀਂ ਲੱਗ ਸਕਿਆ ਹੈ। ਮੰਨਿਆ ਜਾ ਰਿਹਾ ਹੈ ਕਾਰ ’ਚ ਕਾਰ ਚਾਲਕ ਇਕੱਲਾ ਹੀ ਸੀ। ਇਹ ਘਟਨਾ ਸਵੇਰੇ 9 ਵਜੇ ਤੋਂ ਬਾਅਦ ਦੀ ਦੱਸੀ ਜਾ ਰਹੀ ਹੈ।
ਗੋਤਾਖ਼ੋਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਭਾਖ਼ੜਾ ਨਹਿਰ ਦੇ ਪੁੱਲ ਹੇਠਾਂ ਟਹਿਲ ਰਿਹਾ ਸੀ ਤਾਂ ਅਚਾਨਕ ਇਕ ਤੇਜ਼ ਰਫ਼ਤਾਰ ਕਾਰ ਉਸ ਵੱਲ ਆਈ ਅਤੇ ਉਸ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸ ਨੇ ਆਪਣਾ ਕਿਸੇ ਤਰ੍ਹਾਂ ਨਾਲ ਬਚਾਅ ਕੀਤਾ। ਇਸ ਦੇ ਬਾਅਦ ਕਾਰ ਚਾਲਕ ਨੇ ਪੁੱਲ ਕ੍ਰਾਸ ਕਰਦੇ ਹੀ ਨਹਿਰ ਦੇ ਨਾਲ ਵਾਲੀ ਕੱਚੀ ਪਗਡੰਡੀ ’ਤੇ ਕਾਰ ਲਿਜਾ ਕੇ ਨਹਿਰ ’ਚ ਸੁੱਟ ਦਿੱਤੀ। ਨਹਿਰ ’ਚ ਕਾਰ ਡਿੱਗਣ ਦੇ ਬਾਅਦ ਵੀ ਵੀਡੀਓ ਫੁਟੇਜ਼ ਗੋਤਾਖ਼ੋਰਾਂ ਨੇ ਹੀ ਮੌਕੇ ’ਤੇ ਬਣਾਈ। ਗੋਤਾਖ਼ੋਰਾਂ ਨੇ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ।