ਜਲੰਧਰ/ਚੰਡੀਗੜ੍ਹ, 5 ਮਈ- ਪੰਜਾਬ ਦੇ ਸਿੱਖਿਆ ਮਹਿਕਮਾ ਨੇ ਸਰਕਾਰੀ ਸਕੂਲਾਂ ਨੂੰ ਚਲਾਉਣ ਨੂੰ ਲੈ ਕੇ ਵੱਡਾ ਫ਼ੈਸਲਾ ਲਿਆ ਹੈ। ਦਰਅਸਲ ਸਿੱਖਿਆ ਮਹਿਕਮੇ ਨੇ ਵਿਦਿਆਰਥੀਆਂ ਦੀ ਵਧਦੀ ਗਿਣਤੀ ਨੂੰ ਲੈ ਕੇ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਡਬਲ ਸ਼ਿਫਟ ’ਚ ਚਲਾਉਣ ਦਾ ਵੱਡਾ ਫ਼ੈਸਲਾ ਲਿਆ ਹੈ। ਇਸ ਸਬੰਧੀ ਇਕ ਪੱਤਰ ਜਾਰੀ ਕਰਕੇ ਸ਼ੈਡਿਊਲ ਜਾਰੀ ਕੀਤਾ ਗਿਆ ਹੈ। ਸਿੱਖਿਆ ਮਹਿਕਮੇ ਵੱਲੋਂ ਜਾਰੀ ਕੀਤੇ ਗਏ ਪੱਤਰ ’ਚ ਕਿਹਾ ਗਿਆ ਹੈ ਕਿ ਸਕੂਲਾਂ ’ਚ ਵਿਦਿਆਰਥੀਆਂ ਦੀ ਜ਼ਿਆਦਾ ਗਿਣਤੀ, ਜਗ੍ਹਾ, ਕਮਰਿਆਂ ਅਤੇ ਹੋਰ ਇੰਫਰਾਸਟਰੱਕਚਰ ਦੀ ਕਮੀ ਹੋਣ ਕਾਰਨ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਡਬਲ ਸ਼ਿਫਟ ’ਚ ਚਲਾਉਣ ਲਈ ਇਹ ਫ਼ੈਸਲਾ ਲਿਆ ਗਿਆ ਹੈ।
ਸਿੱਖਿਆ ਮਹਿਕਮੇ ਵੱਲੋਂ ਲਏ ਗਏ ਫ਼ੈਸਲੇ ਮੁਤਾਬਕ ਗਰਮੀਆਂ ’ਚ ਪਹਿਲੀ ਸ਼ਿਫ਼ਟ ਦੌਰਾਨ ਸੂਬੇ ਦੇ ਸਰਕਾਰੀ ਸਕੂਲ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਲੱਗਣਗੇ ਜਦਕਿ ਦੂਜੀ ਸ਼ਿਫ਼ਟ ਦੁਪਹਿਰ 12.30 ਤੋਂ ਲੈ ਕੇ 5.30 ਵਜੇ ਤੱਕ ਹੋਵੇਗੀ। ਇਸੇ ਤਰ੍ਹਾਂ ਸਰਦੀਆਂ ਦੇ ਵਿਚ ਵੀ ਪਹਿਲੀ ਸ਼ਿਫ਼ਟ ਦੌਰਾਨ ਸਵੇਰੇ 7 ਵਜੇ ਤੋਂ ਲੈ ਕੇ 12.30 ਵਜੇ ਤੱਕ ਸਕੂਲ ਲੱਗਣਗੇ ਜਦਕਿ ਦੂਜੀ ਸ਼ਿਫ਼ਟ ਦੁਪਹਿਰ 12.30 ਤੋਂ ਲੈ ਕੇ 5.15 ਤੱਕ ਹੋਵੇਗੀ। ਇਨ੍ਹਾਂ ਸ਼ਿਫ਼ਟਾਂ ਦੌਰਾਨ ਹੀ ਸਰਕਾਰੀ ਸਕੂਲਾਂ ’ਚ ਬੱਚਿਆਂ ਦੀ ਪੜ੍ਹਾਈ ਕਰਵਾਈ ਜਾਵੇਗੀ।ਇਥੇ ਇਹ ਵੀ ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਅੱਜ ਪੰਜਾਬ ‘ਚ ਆਪਣੇ 50 ਦਿਨ ਪੂਰੇ ਕਰ ਲਏ ਹਨ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ 50 ਦਿਨ ਪੂਰੇ ਹੋਣ ‘ਤੇ ਨੌਜਵਾਨਾਂ ਨੂੰ ਵੀ ਵੱਡੀ ਖ਼ੁਸ਼ਖ਼ਬਰੀ ਦਿੱਤੀ ਹੈ। ਮਾਨ ਨੇ ਇਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ 26,454 ਅਸਾਮੀਆਂ ਨੂੰ ਭਰਨ ਲਈ ਸਰਕਾਰ ਵੱਲੋਂ ਅੱਜ ਇਕ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਹੈ ਜਿਸ ਵਿਚ ਹਰ ਵਿਭਾਗ ਦੀਆਂ ਨੌਕਰੀਆਂ ਦੀ ਸੂਚੀ ਦਿੱਤੀ ਗਈ ਹੈ। ਨੌਜਵਾਨ ਆਪਣੀ ਯੋਗਤਾ ਅਨੁਸਾਰ ਨੌਕਰੀ ਲਈ ਅਪਲਾਈ ਕਰ ਸਕਦੇ ਹਨ।
ਭਗਵੰਤ ਮਾਨ ਨੇ ਕਿਹਾ ਕਿ ਇਸ ਵਾਰ ਨੌਕਰੀ ਲਈ ਭਰਤੀਆਂ ਸਿੱਖਿਆ ਅਤੇ ਡਿਗਰੀ ਦੇਖ ਕੇ ਕੀਤੀਆਂ ਜਾਣਗੀਆਂ। ਇਹ ਭਰਤੀਆਂ ਬਿਨਾਂ ਸਿਫਾਰਿਸ਼ ਅਤੇ ਰਿਸ਼ਵਤ ਤੋਂ ਪਾਰਦਰਸ਼ੀ ਢੰਗ ਨਾਲ ਕੀਤੀਆਂ ਜਾਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਵਾਅਦਾ ਕੀਤਾ ਸੀ ਕਿ ਹਰੇ ਰੰਗ ਦਾ ਪੈੱਨ ਲੋਕਾਂ ਦੇ ਹੱਕ ‘ਚ ਹੀ ਚੱਲੇਗਾ ਅਤੇ ਉਸੇ ਤਰ੍ਹਾਂ ਹੋਣ ਜਾ ਰਿਹਾ ਹੈ। ਜੋ ਲੋਕ ਨੌਕਰੀਆਂ ਨਾ ਮਿਲਣ ਕਾਰਨ ਨਿਰਾਸ਼ ਬੈਠੇ ਹਨ, ਉਨ੍ਹਾਂ ਦੀਆਂ ਆਸਾਂ ਨੂੰ ਵੀ ਮੁੜ ਬੂਰ ਪੈਣਾ ਸ਼ੁਰੂ ਹੋ ਗਿਆ ਹੈ।