ਕਰਨਾਲ, 5 ਮਈ- ਹਰਿਆਣਾ ਪੁਲਸ ਹੱਥ ਅੱਜ ਵੱਡੀ ਸਫ਼ਲਤਾ ਲੱਗੀ ਹੈ। ਪੁਲਸ ਨੇ ਹਰਿਆਣਾ ਦੇ ਕਰਨਾਲ ਜ਼ਿਲ੍ਹੇ ’ਚੋਂ 4 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਅੱਤਵਾਦੀਆਂ ਕੋਲੋਂ ਵੱਡੀ ਮਾਤਰਾ ’ਚ ਅਸਲਾ ਵੀ ਬਰਾਮਦ ਹੋਇਆ ਹੈ। ਪੁਲਸ ਮੁਤਾਬਕ ਅੱਤਵਾਦੀ ਦੇ ਕਬਜ਼ੇ ’ਚੋਂ ਵੱਡੀ ਮਾਤਰਾ ’ਚ ਗੋਲੀਆਂ ਅਤੇ ਬਾਰੂਦ ਕੰਟੇਨਰ ਬਰਾਮਦ ਹੋਇਆ ਹੈ। ਪੁਲਸ ਮੁਤਾਬਕ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਫੜੇ ਗਏ ਅੱਤਵਾਦੀ ਕਿਸੇ ਵੱਡੀ ਘਟਨਾ ਨੂੰ ਅੰਜ਼ਾਮ ਦੇਣ ਦੀ ਫਿਰਾਕ ਵਿਚ ਸਨ, ਜਿਸ ਨੂੰ ਪੁਲਸ ਨੇ ਨਾਕਾਮ ਕਰ ਦਿੱਤਾ ਹੈ। ਪੁਲਸ ਦੀਆਂ ਕਈ ਟੀਮਾਂ ਮਾਮਲੇ ਦੀ ਜਾਂਚ ’ਚ ਜੁਟ ਗਈ ਹੈ। ਮੌਕੇ ’ਤੇ ਬੰਬ ਰੋਕੂ ਦਸਤਾ ਵੀ ਪੁੱਜ ਗਿਆ ਹੈ।
ਅੱਤਵਾਦੀਆਂ ਦੀ ਜੋ ਕਾਰ ਹੈ, ਉਸ ਦੀ ਤਲਾਸ਼ੀ ਰੋਬੋਟ ਦੀ ਮਦਦ ਨਾਲ ਲਈ ਗਈ, ਕਿਉਂਕਿ ਉਸ ’ਚ ਜ਼ਿਆਦਾ ਅਸਲਾ ਹੋਣ ਦਾ ਖ਼ਦਸ਼ਾ ਹੈ। ਦੱਸਿਆ ਜਾ ਰਿਹਾ ਹੈ ਕਿ ਚਾਰੋਂ ਅੱਤਵਾਦੀਆਂ ਦਾ ਸੰਬਧ ਪੰਜਾਬ ਦੇ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈੱਸ਼ਨਲ (BKI) ਨਾਲ ਹੈ। ਇਨ੍ਹਾਂ ਨੂੰ ਫੜਨ ਲਈ ਪੰਜਾਬ ਪੁਲਸ ਅਤੇ ਹਰਿਆਣਾ ਪੁਲਸ ਨੇ ਸਾਂਝੀ ਮੁਹਿੰਮ ਚਲਾਈ ਸੀ। ਫਿਲਹਾਲ ਕਾਰ ਮਧੂਬਨ ਪੁਲਸ ਥਾਣੇ ’ਚ ਖੜ੍ਹੀ ਹੈ। ਉੱਥੇ ਬੰਬ ਰੋਕੂ ਦਸਤਾ ਮੌਜੂਦ ਹੈ।
ਜਾਣਕਾਰੀ ਮੁਤਾਬਕ ਅੱਤਵਾਦੀਆਂ ਕੋਲੋਂ ਗੋਲਾ-ਬਾਰੂਦ, ਗੋਲੀਆਂ ਅਤੇ ਅਸਲਾ ਬਰਾਮਦ ਕੀਤਾ ਗਿਆ ਹੈ। ਵੀਰਵਾਰ ਸਵੇਰੇ ਬਸਤਾੜਾ ਟੋਲ ਪਲਾਜ਼ਾ ਤੋਂ ਚਾਰੋਂ ਅੱਤਵਾਦੀਆਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਇਹ ਸਾਰੇ ਇਨੋਵਾ ਕਾਰ ’ਚ ਸਵਾਰ ਹੋ ਕੇ ਜਾ ਰਹੇ ਸਨ। ਪੁਲਸ ਮੁਤਾਬਕ ਜਾਂਚ ’ਚ ਪਤਾ ਲੱਗਾ ਹੈ ਕਿ ਇਹ ਸਾਰੇ ਪੰਜਾਬ ਤੋਂ ਦਿੱਲੀ ਵੱਲ ਜਾ ਰਹੇ ਸਨ ਅਤੇ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ।