ਅਹੁਦਾ ਸੰਭਾਲਣ ਤੋਂ ਬਾਅਦ ਰਾਜਾ ਵੜਿੰਗ ਨੇ ਪੜ੍ਹਾਇਆ ਅਨੁਸ਼ਾਸਨ ਦਾ ਪਾਠ, ਨਵਜੋਤ ਸਿੱਧੂ ’ਤੇ ਦਿੱਤਾ ਵੱਡਾ ਬਿਆਨ

raja/nawanpunjab.com

ਚੰਡੀਗੜ੍ਹ, 22 ਅਪ੍ਰੈਲ (ਬਿਊਰੋ)- ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਦਾ ਕਾਰਜਭਾਰ ਸੰਭਾਲਣ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਿਆਨਬਾਜ਼ੀ ਕਰਨ ਵਾਲਿਆਂ ਨੂੰ ਅਨੁਸ਼ਾਸਨ ਦਾ ਪਾਠ ਪੜ੍ਹਾਇਆ ਹੈ। ਵੜਿੰਗ ਨੇ ਕਿਹਾ ਕਿ ਕਾਂਗਰਸ ਕਿਸੇ ਇਕ ਵਿਅਕਤੀ ਦੀ ਨਹੀਂ ਹੈ। ਨਾ ਰਾਜਾ ਵੜਿੰਗ ਦਾ ਕੋਈ ਧੜਾ ਹੈ ਅਤੇ ਨਾ ਹੋਵੇਗਾ। ਇਸ ਤਰ੍ਹਾਂ ਦੀਆਂ ਕਾਰਵਾਈਆਂ ਨਾਲ ਪਾਰਟੀ ਕਮਜ਼ੋਰ ਹੁੰਦੀ ਹੈ। ਸਭ ਦੇ ਵਿਚਾਰਾਂ ਨਾਲ ਕਾਂਗਰਸ ਨੂੰ ਮਜ਼ਬੂਤ ਕੀਤਾ ਜਾਵੇਗਾ। ਸਾਨੂੰ ਆਪਣੇ ਆਪ ਵਿਚ ਅਨੁਸ਼ਾਸਨ ਲੈ ਕੇ ਆਉਣ ਦੀ ਲੋੜ ਹੈ। ਜਿਹੜਾ ਵੀ ਅਨੁਸ਼ਾਸਨ ਦੀ ਉਲੰਘਣਾ ਕਰਦਾ ਹੈ, ਉਸ ਨੂੰ ਚਾਹੀਦਾ ਹੈ ਉਹ ਪਹਿਲਾਂ ਆਪਣੇ ਆਪ ਵਿਚ ਅਨੁਸ਼ਾਸਨ ਲੈ ਕੇ ਆਵੇ। ਇਸ ਦੇ ਨਾਲ ਸੁਨੀਲ ਜਾਖੜ ’ਤੇ ਪੁੱਛੇ ਗਏ ਸਵਾਲ ’ਤੇ ਉਨ੍ਹਾਂ ਕਿਹਾ ਕਿ ਜਾਖੜ ਸਾਡੇ ਸਤਿਕਾਰਯੋਗ ਹਨ ਅਤੇ ਉਨ੍ਹਾਂ ਨੂੰ ਨੋਟਿਸ ਦੇਣ ਦਾ ਫ਼ੈਸਲਾ ਅਨੁਸ਼ਾਸਨੀ ਕਮੇਟੀ ਦਾ ਹੈ। ਹਾਈਕਮਾਨ ਦੇ ਫੈਸਲੇ ’ਤੇ ਉਹ ਕੁੱਝ ਨਹੀਂ ਬੋਲ ਸਕਦੇ। ਕਾਰਵਾਈ ਕਰਨੀ ਜਾਂ ਨਹੀਂ ਕਰਨੀ ਇਹ ਹਾਈਕਮਾਨ ਦੇ ਅਧਿਕਾਰ ਖੇਤਰ ਵਿਚ ਹੈ।

ਨਵਜੋਤ ਸਿੱਧੂ ਵਲੋਂ ਬੀਤੇ ਦਿਨੀਂ ਨਿੱਜੀ ਤੌਰ ’ਤੇ ਗਵਰਨਰ ਨਾਲ ਕੀਤੀ ਗਈ ਮੁਲਾਕਾਤ ਸੰਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਹੱਕ ਹੈ ਕਿ ਉਹ ਕੁੱਝ ਵੀ ਕਰ ਸਕਦਾ, ਆਪਣੀ ਆਵਾਜ਼ ਕਿਤੇ ਵੀ ਬੁਲੰਦ ਕਰ ਸਕਦਾ ਹੈ, ਕਾਂਗਰਸ ਵਿਚ ਸਾਰਿਆਂ ਲਈ ਖੁੱਲ੍ਹਾ ਮੰਚ ਹੈ ਪਰ ਸ਼ਰਤ ਇਹ ਹੈ ਕਿ ਇਸ ਵਿਚ ਕਾਂਗਰਸ ਪਾਰਟੀ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਨਾ ਕੀਤੀਆਂ ਜਾਣ। ਜੇ ਕੋਈ ਕਾਂਗਰਸ ਨੂੰ ਕਮਜ਼ੋਰ ਦਾ ਕੰਮ ਕਰੇਗਾ ਤਾਂ ਉਸ ਖ਼ਿਲਾਫ਼ ਕਾਰਵਾਈ ਜ਼ਰੂਰ ਹੋਵੇਗੀ। ਆਮ ਆਦਮੀ ਪਾਰਟੀ ’ਤੇ ਬੋਲਦਿਆਂ ਵੜਿੰਗ ਨੇ ਕਿਹਾ ਕਿ ਲੋਕਾਂ ਨੇ ਬਦਲਾਅ ਦੇ ਰੂਪ ਵਿਚ ‘ਆਪ’ ਨੂੰ ਵੋਟਾਂ ਪਾਈਆਂ ਸਨ ਅਤੇ ਲੋਕਾਂ ਨੂੰ ਭਗਵੰਤ ਮਾਨ ਤੋਂ ਵੱਡੀਆਂ ਉਮੀਦਾਂ ਹਨ। ਜਨਤਾ ਦੀ ਆਸ ਹੈ ਕਿ ਜੋ ਕੋਈ ਨਹੀਂ ਕਰ ਸਕਿਆ ਉਹ ਭਗਵੰਤ ਮਾਨ ਕਰਕੇ ਦਿਖਾਉਣਗੇ ਪਰ ਜਿਸ ਤਰ੍ਹਾਂ ਇਕ ਮਹੀਨੇ ਦੇ ਅੰਦਰ ਹੀ ਸਰਕਾਰ ਦੀਆਂ ਜੋ ਕਾਰਵਾਈਆਂ ਸਾਹਮਣੇ ਆਈਆਂ ਹਨ, ਉਹ ਬਹੁਤੀਆਂ ਚੰਗੀਆਂ ਨਹੀਂ ਹਨ। ਮਹਿਜ਼ ਇਕ ਮਹੀਨੇ ਵਿਚ ਕਿਸੇ ਸਰਕਾਰ ’ਤੇ ਸਵਾਲੀਆ ਨਿਸ਼ਾਨ ਨਹੀਂ ਲਗਾਉਣਾ ਚਾਹੀਦਾ ਪਰ ਜਿਸ ਤਰ੍ਹਾਂ ਦਾ ਰਵੱਈਆਂ ਸਰਕਾਰ ਅਤੇ ਪੰਜਾਬ ਪੁਲਸ ਦਾ ਸਾਹਮਣੇ ਆਇਆ ਹੈ, ਉਹ ਠੀਕ ਨਹੀਂ ਹੈ। ਜਿਸ ਬਦਲਾਅ ਦੀ ਗੱਲ ਆਮ ਆਦਮੀ ਪਾਰਟੀ ਕਰ ਰਹੀ ਸੀ, ਉਸ ਵਿਚ ਖੜ੍ਹੋਤ ਆ ਗਈ ਹੈ। ਸਿਰਫ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਕੰਮ ਨਹੀਂ ਕਰਨੇ ਚਾਹੀਦੇ, ਉਮੀਦ ਹੈ ਆਮ ਆਦਮੀ ਪਾਰਟੀ ਲੋਕਾਂ ਦੀਆਂ ਆਸਾਂ-ਉਮੀਦਾਂ ’ਤੇ ਖਰੀ ਉਤਰੇਗੀ।

Leave a Reply

Your email address will not be published. Required fields are marked *