ਸ਼ਹਾਦਤਾਂ ਦੇਣ ਵਾਲੀ ਪਾਰਟੀ ਸ਼ਰੋਮਣੀ ਅਕਾਲੀ ਦਲ ਦੀ ਮਾੜੀ ਕਾਗੁਜ਼ਾਰੀ

ujagar sigh/nawanpunab.com

                                                                               ਉਜਾਗਰ ਸਿੰਘ

  ਨਮੋਸ਼ੀ ਨੂੰ ਜੋਸ਼ ਵਿੱਚ ਬਦਲਣ ਲਈ ਅੰਤਰਝਾਤ ਮਾਰਕੇ ਆਪਣੀਆਂ ਗ਼ਲਤੀਆਂ ਨੂੰ ਸੁਧਾਰਨ ਦੀ ਲੋੜ ਹੁੰਦੀ ਹੈ। ਗ਼ਲਤੀਆਂ, ਸਫਲਤਾਵਾਂ ਅਤੇ ਅਸਫਲਤਾਵਾਂ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦੀਆਂ ਹਨ। ਪ੍ਰੰਤੂ ਉਨ੍ਹਾਂ ਤੋਂ ਸਬਕ ਸਿੱਖਣਾ ਅਤਿਅੰਤ ਜ਼ਰੂਰੀ ਹੁੰਦਾ ਹੈ। ਸਿਆਸੀ ਪਾਰਟੀਆਂ ਹਮਖਿਆਲੀ ਵਿਚਾਰਧਾਰਾਵਾਂ ਵਾਲੇ ਇਨਸਾਨਾ ਦਾ ਸੰਗਠਨ ਹੁੰਦੇ ਹਨ। ਜਦੋਂ ਅਜਿਹੇ ਸੰਗਠਨਾ ‘ਤੇ ਇਕ ਪਰਿਵਾਰ ਦਾ ਏਕਾ ਅਧਿਕਾਰ ਹੋ ਜਾਂਦਾ ਹੈ ਤਾਂ ਸੰਗਠਨ ਦਾ ਪਤਨ ਹੋਣਾ ਅਵਸ਼ਕ ਹੁੰਦਾ ਹੈ ਕਿਉਂਕਿ ਹਮਖਿਆਲ ਲੋਕਾਂ ਦੇ ਵਿਚਾਰਾਂ ਨੂੰ ਅਣਡਿਠ ਕੀਤਾ ਜਾਂਦਾ ਹੈ। ਸ਼ਰੋਮਣੀ ਅਕਾਲੀ ਦਲ ਦਾ ਵੀ ਇਸੇ ਕਰਕੇ ਇਹ ਹਸ਼ਰ ਹੋਇਆ ਹੈ ਕਿ ਇਸ ਸੰਗਠਨ ਵਿੱਚ ਹਮਖਿਆਲੀਆਂ ਨੂੰ ਦਰਕਿਨਾਰ ਕੀਤਾ ਗਿਆ ਜਾਂ ਉਹ ਪਰਿਵਾਰਵਾਦ ਵਿਰੁੱਧ ਆਵਾਜ਼ ਬੁਲੰਦ ਕਰਨ ਵਿੱਚ ਅਸਫਲ ਰਹੇ। ਅਹੁਦਿਆਂ ਦੇ ਲਾਲਚ ਅਤੇ ਚਾਪਲੂਸੀ ਨੇ ਸੰਗਠਨ ਨੂੰ ਖੋਰਾ ਲਾ ਦਿੱਤਾ। ਕਿਸੇ ਸਮੇਂ ਅਕਾਲੀ ਦਲ ਵਿੱਚ ਅਹੁਦੇ ਮਹੱਤਵਪੂਰਨ ਨਹੀਂ ਸਗੋਂ ਵਿਚਾਰਧਾਰਾ ਮਹੱਤਵਪੂਰਨ ਹੁੰਦੀ ਸੀ। ਚਮਚਾਗਿਰੀ ਦਾ ਨਾਮੋ ਨਿਸ਼ਾਨ ਨਹੀਂ ਹੁੰਦਾ ਸੀ। ਜਦੋਂ ਸੰਗਠਨ ਵਿੱਚ ਚਮਚਾਗਿਰੀ ਭਾਰੂ ਹੋ ਗਈ ਤਾਂ ਸੰਗਠਨ ਦਾ ਅੰਤ ਨਜ਼ਦੀਕ ਆ ਗਿਆ। ਸ਼ਰੋਮਣੀ ਅਕਾਲੀ ਦਲ ਨੂੰ ਸਿੱਖ ਸੰਸਥਾਵਾਂ ਅਤੇ ਸਿੱਖ ਵਿਦਿਅਕ ਕਾਨਫਰੰਸਾਂ ਨੇ ਆਪਣੀ ਵਿਚਾਰਧਾਰਾ ਨਾਲ ਸਿੰਜਿਆ ਸੀ। ਦੇਸ਼ ਦੀ ਆਜ਼ਾਦੀ ਦੀ ਜਦੋਜਹਿਦ ਅਤੇ ਮਨੁੱਖੀ ਹੱਕਾਂ ‘ਤੇ ਪਹਿਰਾ ਦੇਣ ਵਾਲੀ ਜੁਝਾਰੂਆਂ ਦੀ ਪਾਰਟੀ ਸ਼ਰੋਮਣੀ ਅਕਾਲੀ ਦਲ ਨੂੰ 20 ਫਰਵਰੀ 2022 ਨੂੰ ਹੋਈਆਂ ਪੰਜਾਬ ਵਿਧਾਨ ਸਭਾ ਚੋਣਾ ਵਿੱਚ ਅਜਿਹਾ ਖ਼ੋਰਾ ਲੱਗਿਆ, ਜਿਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਸੀ। ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਧ ਚੜ੍ਹਕੇ ਹਿਸਾ ਇਸ ਪਾਰਟੀ ਦੇ ਵਰਕਰਾਂ ਅਤੇ ਨੇਤਾਵਾਂ ਨੇ ਲਿਆ ਸੀ। ਇਸ ਲੜਾਈ ਵਿੱਚ ਕੁਰਬਾਨੀਆਂ ਵੀ ਸ਼ਰੋਮਣੀ ਅਕਾਲੀ ਦਲ ਦੇ ਨੁਮਾਇੰਦਿਆਂ ਨੇ ਹੀ ਦਿੱਤੀਆਂ ਸਨ। ਜਿਸ ਕਰਕੇ ਸ਼ਰੋਮਣੀ ਅਕਾਲੀ ਦਲ ਨੂੰ ਕੌਮੀ ਪਰਵਾਨਿਆਂ ਦੀ ਪਾਰਟੀ ਕਿਹਾ ਜਾਂਦਾ ਹੈ। ਵਰਕਰਾਂ ਅਤੇ ਨੇਤਾਵਾਂ ਦੀ ਜੀਵਨ ਸ਼ੈਲੀ ਸਮਾਜ ਲਈ ਮਾਰਗ ਦਰਸ਼ਕ ਦਾ ਕੰਮ ਕਰਦੀ ਸੀ। ਸ਼ਰੋਮਣੀ ਅਕਾਲੀ ਦਲ ਦਾ ਇਤਿਹਾਸ ਨੈਤਿਕਤਾ ਦੀਆਂ ਲੀਹਾਂ ‘ਤੇ ਖੜ੍ਹਾ ਹੈ। ਸ਼ਰੋਮਣੀ ਅਕਾਲੀ ਦੀ ਸਥਾਪਨਾ ਗੁਰੂ ਘਰਾਂ ਦੀ ਵੇਖ ਭਾਲ ਕਰਨ ਦੇ ਇਰਾਦੇ ਨਾਲ ਹੋਈ ਸੀ। ਇਸ ਦੇ ਮੁੱਖੀਆਂ ਦੇ ਕਿਰਦਾਰ ਮਾਨਵਤਾ ਲਈ ਰਾਹ ਦਸੇਰਾ ਦੇ ਕੰਮ ਕਰਦੇ ਸਨ। ਗੁਰਦੁਆਰਿਆਂ ਨੂੰ ਮਹੰਤਾਂ ਤੋਂ ਖਾਲੀ ਕਰਵਾਉਣ ਅਤੇ ਗੁਰੂ ਘਰਾਂ ਵਿੱਚ ਰਹਿਤ ਮਰਿਆਦਾ ਨੂੰ ਕਾਇਮ ਰੱਖਣ ਲਈ ਪਾਰਟੀ ਦੇ ਮੋਹਰੀਆਂ ਨੇ ਵਿਲੱਖਣ ਕੁਰਬਾਨੀਆਂ ਕਰਕੇ ਉਨ੍ਹਾਂ ਦੀ ਪਵਿਤਰਤਾ ਨੂੰ ਕਾਇਮ ਕੀਤਾ ਸੀ ਕਿਉਂਕਿ ਅੰਗਰੇਜ਼ਾਂ ਦੇ ਰਾਜ ਵਿੱਚ ਮਹੰਤਾਂ ਨੇ ਗੁਰੂ ਘਰਾਂ ਵਿੱਚ ਬੇਹੁਰਮਤੀਆਂ ਕਰਕੇ ਗ਼ਲਤ ਕੰਮ ਕਰਨੇ ਸ਼ੁਰੂ ਕਰ ਦਿੱਤੇ ਸਨ। ਅਜਿਹੇ ਸੂਰਬੀਰਾਂ ਦੀ ਪਾਰਟੀ ਦਾ ਸਫਾਇਆ ਹੋ ਜਾਣਾ ਖਾਸ ਤੌਰ ‘ਤੇ ਪਾਰਟੀ ਦੇ ਮੁਖੀ ਅਤੇ ਸਰਪਰਤ ਦੋਹਾਂ ਦਾ ਬੁਰੀ ਤਰ੍ਹਾਂ ਹਾਰ ਜਾਣਾ ਅਕਾਲੀ ਦਲ ਲਈ ਨਮੋਸ਼ੀ ਦਾ ਕਾਰਨ ਨਹੀਂ ਬਣਿਆਂ ਸਗੋਂ ਬਾਦਲ ਪਰਿਵਾਰ ਦੇ ਏਕਾ ਅਧਿਕਾਰ ਦਾ ਪਤਨ ਹੋਇਆ ਹੈ। ਜੇਕਰ ਸ਼ਰੋਮਣੀ ਅਕਾਲੀ ਦਲ ਦੇ ਨੇਤਾਵਾਂ ਦੇ ਇਤਿਹਾਸ ਵਲ ਨਜ਼ਰ ਮਾਰੀ ਜਾਵੇ ਤਾਂ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਊਧਮ ਸਿੰਘ ਨਾਗੋਕੇ, ਗਿਆਨੀ ਕਰਤਾਰ ਸਿੰਘ, ਹੁਕਮ ਸਿੰਘ ਅਤੇ ਮੋਹਣ ਸਿੰਘ ਤੁੜ ਵਰਗੀਆਂ ਸ਼ਖ਼ਸੀਅਤਾਂ ਅੱਗੇ ਸਿਰ ਸਤਿਕਾਰ ਨਾਲ ਝੁਕ ਜਾਂਦਾ ਹੈ, ਜਿਹੜੇ ‘ਮੈਂ ਮਰਾਂ ਪ੍ਰੰਤੂ ਪੰਥ ਜੀਵੇ’ ਦੇ ਅਸੂਲ ‘ਤੇ ਪਹਿਰਾ ਦਿੰਦੇ ਸਨ।  ਪਿਛਲੇ ਸਾਲ ਸਿੱਖ ਕੌਮ ਸ਼ਰੋਮਣੀ ਅਕਾਲੀ ਦਲ ਦੀ ਸਥਾਪਨਾ ਦੇ 100 ਸਾਲ ਮਨਾ ਕੇ ਹਟਿਆ ਹੈ। ਸਿੱਖ ਕੌਮ ਦੇ ਨੇਤਾਵਾਂ ਦੇ ਕਿਰਦਾਰ ਵਿੱਚ ਆਈ ਗਿਰਾਵਟ ਨੂੰ ਵੇਖਕੇ ਸ਼ਰਮ ਨਾਲ ਸਿਰ ਝੁਕ ਜਾਂਦਾ ਹੈ। ਸ਼ਰੋਮਣੀ ਅਕਾਲੀ ਦਲ ਦੇ ਨੇਤਾ ਗੁਰੂ ਘਰਾਂ ਦੀ ਰਾਖੀ ਲਈ ਜਾਨਾ ਕੁਰਬਾਨ ਕਰ ਜਾਂਦੇ ਸਨ। ਹੁਣ ਅਹੁਦਿਆਂ ਅਤੇ ਪਰਿਵਾਰਿਕ ਵਿਓਪਾਰਾਂ ਨੂੰ ਤਰਜ਼ੀਹ ਦਿੰਦੇ ਹਨ।

   ਸ਼ਰੋਮਣੀ ਅਕਾਲੀ ਦਲ ਦੇ ਪਤਨ ਦਾ ਕੋਈ ਇਕ ਕਾਰਨ ਨਹੀਂ ਸਗੋਂ ਜਦੋਂ ਤੋਂ ਸ੍ਰ ਪਰਕਾਸ਼ ਸਿੰਘ ਬਾਦਲ ਨੇ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਬਣਕੇ ਰਾਜ ਭਾਗ ਚਲਾਉਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਪੜਾਅਵਾਰ ਅਕਾਲੀ ਦਲ ਦੀ ਰਾਜ ਸਤਾ ਹਾਸਲ ਕਰਨ ਲਈ ਅਜਿਹੇ ਕਦਮ ਚੁਕਣੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਨਾਲ ਅਕਾਲੀ ਦਲ ਦਾ ਪੰਥਕ ਖਾਸਾ ਖ਼ਤਮ ਕੀਤਾ ਜਾਵੇ। ਉਸ ਸਮੇਂ ਕਿਸੇ ਨੇ ਪਰਕਾਸ਼ ਸਿੰਘ ਬਾਦਲ ਦੀ ਗੁਝੀ ਸਿਆਸਤ ਨੂੰ ਸਮਝਿਆ ਹੀ ਨਹੀਂ। ਬਾਦਲ ਪਰਿਵਾਰ ਨੇ ਮਹਿਸੂਸ ਕਰ ਲਿਆ ਕਿ ਜੇਕਰ ਰਾਜ ਭਾਗ ‘ਤੇ ਕਬਜ਼ਾ ਕਰਨਾ ਹੈ ਤਾਂ ਅਕਾਲੀ ਦਲ ਦੀ ਪੰਥਕ ਸੋਚ ਦੀ ਥਾਂ ਪੰਜਾਬੀਅਤ ਦੀ ਸੋਚ ਨੂੰ ਅਪਣਾਇਆ ਜਾਵੇ। ਜਦੋਂ ਕਿ ਅਕਾਲੀ ਦਲ ਹਮੇਸ਼ਾ ਸੰਕਟ ਦੀ ਘੜੀ ਵਿੱਚ  ਸਿੱਖਾਂ ਦੀ ਅਵਾਜ਼ ਬਣਦਾ ਰਿਹਾ ਸੀ। 1995 ਵਿੱਚ ਅਕਾਲੀ ਦਲ ਦੀ ਸਥਾਪਨਾ ਦੇ 75 ਸਾਲ ਹੋਏ ਸਨ। ਕਿਸੇ ਵਜਾਹ ਕਰਕੇ 95 ਦੀ ਥਾਂ 1996 ਵਿੱਚ 75ਵਾਂ ਸਥਾਪਨਾ ਦਿਵਸ ਮਨਾਇਆ ਗਿਆ, ਉਸ ਸਮਾਗਮ ਵਿੱਚ ਪਰਕਾਸ਼ ਸਿੰਘ ਬਾਦਲ ਨੇ ਪੰਥਕ ਸਿਆਸਤ ਤੋਂ ਕਿਨਾਰਾ ਕਰਕੇ ਰਾਜ ਭਾਗ ਦੇ ਲਾਲਚ ਵਿੱਚ  ਅਕਾਲੀ ਸਿਆਸਤ ਨੂੰ ਨਵਾਂ ਮੋੜ ਦੇ ਕੇ ਪੰਜਾਬੀ ਸਿਆਸਤ ਬਣਾ ਲਿਆ। ਬੀ ਜੇ ਪੀ ਨਾਲ ਗਠਜੋੜ ਵੀ ਇਸੇ ਸੰਧਰਵ ਵਿੱਚ ਕੀਤਾ ਗਿਆ ਸੀ। ਸਿੱਖ ਪੰਥ ਦੀਆਂ ਤਿੰਨ ਪ੍ਰਮੁੱਖ ਸੰਸਥਾਵਾਂ ਹਨ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਕਾਲ ਤਖ਼ਤ ਅਤੇ ਤੀਜੀ ਸ਼ਰੋਮਣੀ ਅਕਾਲੀ ਦਲ। ਅਕਾਲੀ ਦਲ ਨੇ ਜਦੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਦੀ ਸਰਵਉਚਤਾ ਖ਼ਤਮ ਕਰ ਦਿੱਤੀ ਤਾਂ ਅਕਾਲੀ ਦਲ ਆਪਣੇ ਆਪ ਖ਼ਤਮ ਹੋ ਗਿਆ। ਕਿਉਂਕਿ ਅਕਾਲੀ ਦਲ ਇਨ੍ਹਾਂ ਸੰਸਥਾਵਾਂ ਦੇ ਸਹਾਰੇ ਸਿਆਸੀ ਤਾਕਤ ਹਾਸਲ ਕਰਦਾ ਸੀ। ਪ੍ਰੰਤੂ ਅਕਾਲੀ ਦਲ ਨੇ ਇਨ੍ਹਾਂ ਸੰਸਥਾਵਾਂ ਨੂੰ ਆਪਣੇ ਵਿੰਗ ਬਣਾ ਲਿਆ ਜਦੋਂ ਕਿ ਅਕਾਲੀ ਦਲ ਇਨ੍ਹਾਂ ਸੰਸਥਾਵਾਂ ਦੀ ਪ੍ਰਾਪਤੀ ਕਰਕੇ ਸਫਲਤਾ ਪ੍ਰਾਪਤ ਕਰਦਾ ਸੀ।  ਇਕ ਹੋਰ ਮਹੱਤਵਪੂਰਨ ਸਿੱਖ ਸੰਸਥਾ ਸਿੱਖ ਸਟੂਡੈਂਟਸ ਫੈਡਰੇਸ਼ਨ ਸੀ, ਜਿਸਨੂੰ ਅਕਾਲੀ ਦਲ ਦੀ ਨਰਸਰੀ ਕਿਹਾ ਜਾਂਦਾ ਸੀ। ਜਿਸ ਵਿੱਚੋਂ ਸਿਖਿਅਤ ਹੋਣ ਤੋਂ ਬਾਅਦ ਸ਼ਰੋਮਣੀ ਅਕਾਲੀ ਦਲ ਦੇ ਦਿਗਜ਼ ਨੇਤਾ ਬਣਕੇ ਆਉਂਦੇ ਸਨ। ਪਰਕਾਸ਼ ਸਿੰਘ ਬਾਦਲ ਨੇ ਉਸਦੀ ਥਾਂ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ ਬਣਾ ਲਿਆ ਤਾਂ ਜੋ ਸਿੱਖੀ ਸੋਚ ਤੋਂ ਕਿਨਾਰਾ ਕੀਤਾ ਜਾ ਸਕੇ। 1999 ਵਿੱਚ ਸਿੱਖ ਸਾਜਨਾ ਦੀ ਤੀਜੀ ਸ਼ਤਾਬਦੀ ਮੌਕੇ ਇਸ ਸੋਚ ਦੀ ਪਹਿਲੀ ਤਿੱਖੀ ਚੋਟ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਤੇ ਪੰਥ ਦੀ ਮਹਾਨ ਹਸਤੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਬੇਇਜ਼ਤ ਕਰਕੇ ਹਟਾਉਣ ਨਾਲ ਵੱਜੀ ਸੀ। ਉਸਤੋਂ ਬਾਅਦ ਰਾਮ ਰਹੀਮ ਨੂੰ ਪੰਥ ਵਿੱਚ ਸ਼ਾਮਲ ਕਰਨ ਲਈ ਜਥੇਦਾਰ ਸਾਹਿਬਾਨਾ ਨੂੰ ਫ਼ੈਸਲੇ ਕਰਨ ਲਈ ਅਕਾਲ ਤਖ਼ਤ ਤੋਂ ਬਾਹਰ ਚੰਡੀਗੜ੍ਹ ਮੁੱਖ ਮੰਤਰੀ ਦੀ ਕੋਠੀ ਵਿੱਚ ਬੁਲਾਉਣਾ ਤੇ ਹੁਕਮਨਾਮਾ ਜਾਰੀ ਕਰਨ ਲਈ ਕਹਿਣਾ ਦੂਜੀ ਵਾਰ ਢਾਹ ਲਾਈ ਸੀ। ਇਸਤੋਂ ਬਾਅਦ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਵਾਹਰ ਸਿੰਘ ਵਾਲਾ ਵਿਖੇ ਬੇਅਦਬੀ ਹੋਈ ਤਾਂ ਉਸਦੇ ਵਿਰੋਧ ਵਿੱਚ ਇਨਸਾਫ ਮੰਗ ਰਹੀ ਸੰਗਤ ‘ਤੇ ਅਕਾਲੀ ਸਰਕਾਰ ਦੇ ਨੁਮਾਇੰਦਿਆਂ ਵਲੋਂ ਗੋਲੀਆਂ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕਰਨਾ ਪੰਥਕ ਸੋਚ ਦਾ ਘਾਣ ਕਰਨਾ ਸੀ। ਫਿਰ 2020 ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100 ਸਾਲਾ ਸਮਾਗਮ ਵਿੱਚ ਪੰਥਕ ਸੋਚ ਨੂੰ ਬਹਾਲ ਕਰਨ ਲਈ ਜਥੇਦਾਰਾਂ ਅਤੇ ਸ਼ਰੋਮਣੀ ਪ੍ਰਬੰਧਕ ਕਮੇਟੀ ਨੇ ਕੋਈ ਠੋਸ ਪ੍ਰੋਗਰਾਮ ਨਹੀਂ ਦਿੱਤਾ। 1997 ਵਿੱਚ ਅਕਾਲੀ ਦਲ ਨੇ ਚੋਣ ਮੈਨੀਫੈਸਟੋ ਵਿੱਚ ਖਾੜਕੂਵਾਦ ਸਮੇਂ ਸਿੱਖਾਂ ਤੇ ਹੋਈਆਂ ਜ਼ਿਅਦਤੀਆਂ ਦੀ ਪੜਤਾਲ ਕਰਵਾਉਣ ਅਤੇ ਮਨੁੱਖੀ ਅਧਿਕਾਰਾਂ ਦੇ ਘਾਣ ਕਰਨ ਦੀ ਪੜਤਾਲ ਕਰਨ ਦਾ ਵਾਅਦਾ ਕੀਤਾ ਗਿਆ ਸੀ ਪ੍ਰੰਤੂ ਸਰਕਾਰ ਬਣਨ ਤੋਂ ਬਾਅਦ ਪਾਸਾ ਵੱਟ ਲਿਆ ਗਿਆ। ਸਗੋਂ ਅਤਵਾਦ ਦੇ ਦੌਰਾਨ ਸਿੱਖਾਂ ਤੇ ਜ਼ਿਆਦਤੀਆਂ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਉਚ ਅਹੁਦਿਆਂ ਤੇ ਲਗਾਇਆ ਗਿਆ। ਇਨ੍ਹਾਂ ਕਦਮਾਂ ਨੇ ਸਿੱਖਾਂ ਦੇ ਜ਼ਖ਼ਮਾ ‘ਤੇ ਲੂਣ ਛਿੜਕਣ ਦਾ ਕੰਮ ਕੀਤਾ। 1999 ਵਿੱਚ ਗੋਲਕ ਦੇ ਪੈਸੇ ਦੀ ਦੁਰਵਰਤੋਂ ਕਰਦਿਆਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਭਰਿਸ਼ਟ ਕਰਨ ਲਈ 50-50 ਹਜ਼ਾਰ ਦਾ ਅਖ਼ਤਿਆਰੀ ਫੰਡ ਦਿੱਤਾ ਗਿਆ। ਜਦੋਂ ਸਿੱਖ ਜਗਤ ਵਿੱਚ ਸਰਕਾਰ ਦੀਆਂ ਆਪ ਹੁਦਰੀਆਂ ਦਾ ਵਿਰੋਧ ਹੋਇਆ ਤਾਂ ਅਕਾਲ ਤਖ਼ਤ ਮਾਫੀ ਮੰਗਣ ਦਾ ਢਕਵੰਜ ਰਚਿਆ ਗਿਆ। ਮੁਆਫੀ ਮੰਗਣ ਵਾਲਿਆਂ ਲਈ ਪਹਿਲੀ ਵਾਰ ਮਰਿਆਦਾ ਦੀ ਉਲੰਘਣਾ ਕਰਕੇ ਦਰਬਾਰ ਸਾਹਿਬ ਵਿੱਚ ਰੈਡ ਕਾਰਪੈਟ ਵਿਛਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ, ਜਿਵੇਂ ਉਹ ਕੋਈ ਸ਼ੁਭ ਕੰਮ ਕਰਨ ਆ ਰਹੇ ਹਨ। ਮੁਆਫੀ ਕਿਸ ਚੀਜ ਦੀ ਮੰਗੀ, ਉਹ ਵੀ ਸ਼ਪਸ਼ਟ ਨਹੀਂ ਕੀਤੀ ਗਈ। ਇਹ ਗੁਨਾਹ ਮੁਆਫ਼ੀ ਯੋਗ ਨਹੀਂ ਹਨ। 1996 ਤੋਂ ਲਗਾਤਾਰ ਅਕਾਲੀ ਦਲ ਨੂੰ 26 ਸਾਲ ਗੁੱਝੀ ਸੱਟ ਲੱਗਣ ਤੋਂ ਬਾਅਦ ਸਿੱਖ ਜਗਤ ਦੇ ਗੁੱਸੇ ਦੀ ਚਰਮ ਸੀਮਾ ਦੇ ਨਤੀਜੇ ਅਕਾਲੀ ਦਲ ਦੀ ਪੰਥਕ ਸੋਚ ਨੂੰ ਖ਼ਤਮ ਕਰਨ ਦੇ 2022 ਦੀ ਪੰਜਾਬ ਵਿਧਾਨ ਸਭਾ ਦੀ ਚੋਣ ਦੇ ਨਤੀਜਿਆਂ ਤੋਂ ਬਾਅਦ ਸਾਹਮਣੇ ਆਏ ਹਨ। ‘ਅਬ ਪਛਤਾਇਆ ਕਿਆ ਬਣੇ ਜਬ ਚਿੜੀਆ ਚੁਗ ਗਈ ਖੇਤ’। ਸਿੱਖ ਜਗਤ ਨੂੰ ਇਸ ਹਾਰ ਤੋਂ ਘਬਰਾਉਣਾ ਨਹੀਂ ਚਾਹੀਦਾ ਸਗੋਂ ਪੰਥਕ ਸੋਚ ਨੂੰ ਬਹਾਲ ਕਰਨਾ ਚਾਹੀਦਾ ਹੈ। ਬਾਦਲ ਪਰਿਵਾਰ ਹਾਰਿਆ ਹੈ, ਅਕਾਲੀ ਦਲ ਬਰਕਰਾਰ ਹੈ ਅਤੇ ਰਹੇਗਾ। ਪੰਥਕ ਸੋਚ ਬਹਾਲ ਕਰਨ ਲਈ ਸਿੱਖ ਸੰਸਥਾਵਾਂ ਦੀ ਮਹੱਤਤਾ ਬਰਕਰਾਰ ਕਰਨੀ ਪਵੇਗੀ, ਇਹ ਤਾਂ ਹੀ ਸੰਭਵ ਹੈ, ਜੇਕਰ ਸ਼ਰੋਮਣੀ ਅਕਾਲੀ ਦਲ ਵਿੱਚੋਂ ਪਰਿਵਾਰਵਾਦ ਖ਼ਤਮ ਕੀਤਾ ਜਾਵੇ ਅਤੇ ਸਿੱਖ ਸੋਚ ਵਾਲੇ ਨੇਤਾਵਾਂ ਨੂੰ ਅੱਗੇ ਲਿਆਂਦਾ ਜਾਵੇ। ਧੜੇਬੰਦੀ ਤੋਂ ਉਪਰ ਉਠਕੇ ਇਕ ਮੰਚ ਤੇ ਵਿਚਾਰ ਵਟਾਂਦਰਾ ਕਰਕੇ ਫ਼ੈਸਲੇ ਕੀਤੇ ਜਾਣ।

Leave a Reply

Your email address will not be published. Required fields are marked *