ਗਾਜ਼ੀਆਬਾਦ, 12 ਅਪ੍ਰੈਲ (ਬਿਊਰੋ)- ਗਾਜ਼ੀਆਬਾਦ ’ਚ ਕੂੜਾ ਸੁੱਟਣ ਵਾਲੀ ਥਾਂ ’ਚ ਅੱਗ ਲੱਗਣ ਨਾਲ ਇਕ ਵੱਡਾ ਹਾਦਸਾ ਵਾਪਰ ਗਿਆ। ਇਸ ਅੱਗ ’ਚ ਕਰੀਬ 38 ਗਊਆਂ ਦੀ ਸੜ ਕੇ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਇੰਦਰਾਪੁਰਮ ਥਾਣਾ ਖੇਤਰ ਦੇ ਅਧੀਨ ਕਨਾਵਨੀ ਪਿੰਡ ’ਚ ਅੱਗ ਨੇ ਕਹਿਰ ਵਰ੍ਹਾਇਆ। ਤਿੱਖੀ ਦੁਪਹਿਰ ’ਚ ਅੱਗ ਦੀ ਲਪੇਟ ’ਚ ਆਉਣ ਨਾਲ ਕਰੀਬ 60 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਇਸ ਤੋਂ ਇਲਾਵਾ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਵਿਚ 38 ਗਊਆਂ ਅਤੇ ਵੱਛੇ-ਵੱਛੀਆਂ ਦੀ ਦਰਦਨਾਕ ਮੌਤ ਹੋ ਗਈ। ਗਊਸ਼ਾਲਾ ’ਚ ਐਤਵਾਰ-ਸੋਮਵਾਰ ਦੀ ਦਰਮਿਆਨੀ ਰਾਤ ਕਰੀਬ ਡੇਢ ਵਜੇ ਅੱਗ ਲੱਗਣ ਦੀ ਘਟਨਾ ਵਾਪਰੀ।
ਸੰਗਲੀਆਂ ਅਤੇ ਰੱਸਿਆਂ ਨਾਲ ਬੱਝੇ ਹੋਣ ਕਾਰਨ ਅੱਗ ਅਤੇ ਧੂੰਏਂ ’ਚ ਘਿਰਣ ’ਤੇ ਗਊਆਂ ਨੂੰ ਭੱਜਣ ਦਾ ਮੌਕਾ ਨਹੀਂ ਮਿਲ ਸਕਿਆ। ਗਊਆਂ ਨੇ ਤੜਫ਼-ਤੜਫ਼ ਕੇ ਮੌਕੇ ’ਤੇ ਦਮ ਤੋੜ ਦਿੱਤਾ। ਧਮਾਕੇ ਨਾਲ ਫਟੇ ਕੁਝ ਮਿਨੀ ਸਿਲੰਡਰ ਉੱਡ ਕੇ ਗਊਸ਼ਾਲਾ ਕੰਪਲੈਕਸ ’ਚ ਪਹੁੰਚ ਗਏ, ਜਿੱਥੇ ਬਿਜਲੀ ਦੇ ਤਾਰਾਂ ਦਾ ਜਾਲ ਫੈਲਿਆ ਸੀ। ਉੱਥੇ ਵੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ।
ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 12 ਗੱਡੀਆਂ ਨੂੰ ਮੌਕੇ ’ਤੇ ਭੇਜਿਆ ਗਿਆ। ਲਗਭਗ ਇਕ ਤੋਂ ਡੇਢ ਘੰਟੇ ਦੇ ਅੰਦਰ ਸਥਿਤੀ ਨੂੰ ਸੰਭਾਲਿਆ ਜਾ ਸਕਿਆ। ਜਾਨੀ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ। ਗਊਸ਼ਾਲਾ ’ਚ 120-125 ਗਾਵਾਂ ਅਤੇ ਵੱਛੇ ਸਨ। ਗਊਸ਼ਾਲਾ ’ਚ ਗਊਆਂ ਚਰਾਉਣ ਵਾਲਿਆਂ ਨੇ ਸੋਗ ਜ਼ਾਹਰ ਕੀਤਾ।