ਚੰਡੀਗੜ੍ਹ, 8 ਅਪ੍ਰੈਲ (ਬਿਊਰੋ)- ਪੰਜਾਬ ‘ਚ ਆਏ-ਦਿਨ ਮਾਈਨਿੰਗ ਮਾਫੀਆ ਦਾ ਮੁੱਦਾ ਭਖਦਾ ਜਾ ਰਿਹਾ ਹੈ। ਸਿਆਸੀ ਪਾਰਟੀਆਂ ਮਾਈਨਿੰਗ ਮਾਫੀਆ ਨੂੰ ਖ਼ਤਮ ਕਰਨ ਦੇ ਦਾਅਵੇ ਕਰਦੀਆਂ ਰਹੀਆਂ ਹਨ। ਫਿਰ ਵੀ ਮਾਈਨਿੰਗ ਨੂੰ ਲੈ ਕੇ ਨਵੇਂ ਖੁਲਾਸੇ ਹੁੰਦੇ ਰਹਿੰਦੇ ਹਨ। ਹੁਣ ‘ਆਪ’ ਸਰਕਾਰ ਮਾਈਨਿੰਗ ਮਾਫੀਆ ਨੂੰ ਨੱਥ ਪਾਉਣ ਦੇ ਦਾਅਵਾ ਕਰ ਰਹੀ ਹੈ। ਸਰਕਾਰ ਦੀ ਕਾਰਗੁਜਾਰੀ ਉੱਪਰ ਕਾਂਗਰਸੀ ਲੀਡਰ ਸੁਖਪਾਲ ਖਹਿਰਾ ਨੇ ਸਵਾਲ ਉਠਾਏ ਹਨ। ਸੁਖਪਾਲ ਖਹਿਰਾ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ‘ਚ ਡਰੱਗ ਮਾਫੀਆ, ਕੇਬਲ ਮਾਫੀਆ ਹੋਰ ਵੀ ਸਾਰੇ ਮਾਫੀਆ ਹਨ ਪਰ ਮਾਈਨਿੰਗ ਮਾਫੀਆ ਸਾਰਿਆਂ ਦੇ ਸਾਹਮਣੇ ਹੈ। ਇਸ ਲਈ ਇਸ ਮਾਫੀਆ ਦੇ ਖਾਤਮੇ ‘ਤੇ ਕੰਮ ਕਰਨਾ ਜ਼ਰੂਰੀ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕੇਜਰੀਵਾਲ ਕਹਿੰਦੇ ਸੀ ਕਿ ਜੇਕਰ ਪੰਜਾਬ ‘ਚ ਹੋ ਰਹੀ ਬੇਈਮਾਨੀ (ਮਾਈਨਿੰਗ ਮਾਫੀਆ) ਨੂੰ ਰੋਕਿਆ ਜਾਵੇ ਤਾਂ 20,000 ਕਰੋੜ ਆ ਸਕਦੇ ਹਨ। ਕੱਲ੍ਹ ਸਰਕਾਰ ਨੇ ਕਿਹਾ ਸੀ ਕਿ ਮਾਈਨਿੰਗ ਦੇ ਮੁੱਦੇ ‘ਤੇ ਨਵੀਂ ਨੀਤੀ ਤਿਆਰ ਕੀਤੀ ਜਾਵੇਗੀ। ਸਰਕਾਰ 20,000 ਕਰੋੜ ਹੋਰ ਰੁਪਏ ਦੀ ਗੱਲ ਕਰ ਰਹੀ ਹੈ ਪਰ ਸਰਕਾਰ ਇਸ ਦੀ ਦਰ ‘ਚ ਵਾਧਾ ਨਹੀਂ ਕਰਦੀ ਨਜ਼ਰ ਆ ਰਹੀ ਹੈ।
ਉਨ੍ਹਾਂ ਕਿਹਾ ਕਿ ਮੈਂ ਭਗਵੰਤ ਮਾਨ ਸਰਕਾਰ ਨੂੰ ਚਿੱਠੀ ਲਿਖੀ ਹੈ ਜਿਸ ‘ਚ ਕਿਹਾ ਗਿਆ ਹੈ ਕਿ ਸਰਕਾਰ 10 ਸਾਲਾਂ ਦਾ ਪੂਰਾ ਰਿਕਾਰਡ ਜਾਰੀ ਕਰੇ। ਇਸ ਵਿੱਚ ਖੁਲਾਸਾ ਕਰੇ ਕਿ ਕਿਸ ਸਰਕਾਰ ਨੇ ਕਿੰਨਾ ਪੈਸਾ ਬਰਬਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਰੋਪੜ ‘ਚ ਸਭ ਤੋਂ ਵੱਧ ਮਾਈਨਿੰਗ ਹੁੰਦੀ ਹੈ ਤਾਂ ਕੀ ਮਾਈਨਿੰਗ ਮੰਤਰੀ ਆਪਣੇ ਇਲਾਕੇ ਵਿੱਚ ਮਾਈਨਿੰਗ ਬੰਦ ਕਰਵਾ ਸਕਣਗੇ?
ਉਨ੍ਹਾਂ ਕਿਹਾ ਕਿ ਸਰਕਾਰੀ ਮਾਈਨਿੰਗ ‘ਚ ਸ਼ਾਮਲ ਲੋਕ ਕੌਣ ਸਨ, ਉਨ੍ਹਾਂ ਦੇ ਨਾਂ ਸਾਹਮਣੇ ਆਏ ਹਨ। ਪਿਛਲੀ ਸਰਕਾਰ ‘ਚ ਇੱਕ ਮੰਤਰੀ ਨੂੰ ਮੰਤਰੀ ਮੰਡਲ ‘ਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ। ਇਸ ਲਈ ਸਰਕਾਰ ਇਸ ‘ਤੇ ਵਾਈਟ ਪੇਪਰ ਜਾਰੀ ਕਰੇ। ਹਰ ਜ਼ਿਲ੍ਹੇ ਦੇ ਡੀਸੀ ਕੋਲ ਇਸ ਦੇ ਸਬੂਤ ਤੇ ਨਾਮ ਹਨ।