‘ਚੰਡੀਗੜ੍ਹ, 6 ਜੁਲਾਈ (ਦਲਜੀਤ ਸਿੰਘ)- ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਵੱਲੋਂ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਵੱਡੇ ਐਲਾਨ ਕੀਤੇ ਗਏ ਅਤੇ ਨਾਲ ਹੀ ਵਿਰੋਧੀ ਸਿਆਸੀ ਪਾਰਟੀਆਂ ਨੂੰ ਸਖ਼ਤ ਚਿਤਾਵਨੀ ਵੀ ਦਿੱਤੀ ਗਈ। ਮੀਡੀਆ ਨਾਲ ਗੱਲਬਾਤ ਕਰਦਿਆਂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਲਗਾਤਾਰ ਵੱਧ ਰਹੀ ਮਹਿੰਗਾਈ ਨੇ ਆਮ ਜਨਤਾ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਪਰ ਇਸ ਦੇ ਬਾਵਜੂਦ ਸਰਕਾਰ ਮਹਿੰਗਾਈ ‘ਤੇ ਕੋਈ ਕੰਟਰੋਲ ਨਹੀਂ ਕਰ ਰਹੀ ਅਤੇ ਸਭ ਕੁੱਝ ਕਾਰਪੋਰੇਟ ਦੇ ਹੱਥਾਂ ‘ਚ ਹੈ। ਉਨ੍ਹਾਂ ਕਿਹਾ ਕਿ ਇਸ ਦੇ ਵਿਰੋਧ ‘ਚ 8 ਜੁਲਾਈ ਨੂੰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾਵੇਗਾ।
ਉਨ੍ਹਾਂ ਨੇ ਅਪੀਲ ਕੀਤੀ ਕਿ ਪੂਰੇ ਦੇਸ਼ ‘ਚ ਹਰ ਵਰਗ ਦੇ ਲੋਕ 8 ਜੁਲਾਈ ਨੂੰ ਸਵੇਰੇ 10 ਤੋਂ 12 ਵਜੇ ਤੱਕ 2 ਘੰਟੇ ਲਈ ਆਪੋ-ਆਪਣੇ ਵਾਹਨ ਸੜਕਾਂ ‘ਤੇ ਲਿਆ ਕੇ ਖੜ੍ਹੇ ਕਰਨ ਅਤੇ ਨਾਲ ਹੀ ਬੀਬੀਆਂ ਅਤੇ ਭੈਣਾਂ ਗੈਸ ਸਿਲੰਡਰ ਸੜਕਾਂ ‘ਤੇ ਰੱਖ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਨ। ਰਾਜੇਵਾਲ ਨੇ ਕਿਹਾ ਕਿ ਇਸ ਦੌਰਾਨ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾਉਣ ਲਈ 8 ਮਿੰਟ ਹਾਰਨ ਵੀ ਵਜਾਏ ਜਾਣਗੇ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਲੋਕ ਆਪਣੇ ਵਾਹਨ ਅਤੇ ਸਿਲੰਡਰ ਸੜਕਾਂ ਦੇ ਕਿਨਾਰੇ ਖੜ੍ਹੇ ਕਰਨ ਤਾਂ ਜੋ ਟ੍ਰੈਫਿਕ ਜਾਮ ਨਾ ਹੋਵੇ। ਉਨ੍ਹਾਂ ਕਿਹਾ ਕਿ ਇਸ ਗਰਮੀ ਦੌਰਾਨ ਜ਼ਰੂਰੀ ਕੰਮਾਂ ਲਈ ਜਾ ਰਹੇ ਲੋਕਾਂ ਜਾਂ ਕਿਸੇ ਮਰੀਜ਼ ਨੂੰ ਉਹ ਕਿਸੇ ਤਰ੍ਹਾਂ ਦੀ ਤਕਲੀਫ਼ ਨਹੀਂ ਪਹੁੰਚਾਉਣਾ ਚਾਹੁੰਦੇ।