ਮਜੀਠਾ, 23 ਮਾਰਚ (ਬਿਊਰੋ)- ਮਜੀਠਾ ਵਿਖੇ ਸਾਬਕਾ ਸਰਪੰਚ ਦੇ ਲੜਕੇ ਦਾ ਬੀਤੀ ਦੇਰ ਰਾਤ ਤਿੰਨ ਮੋਟਰਸਾਈਕਲਾਂ ‘ਤੇ ਸਵਾਰ ਅਣਪਛਾਤੇ ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਕਸਬਾ ਮਜੀਠਾ ਤੋਂ ਥੋੜ੍ਹੀ ਦੂਰ ਪੈਂਦੇ ਪਿੰਡ ਵਡਾਲਾ ਦਾ ਸਾਬਕਾ ਸਰਪੰਚ ਕੁੰਨਣ ਸਿੰਘ ਕਸਬਾ ਮਜੀਠਾ ਵਿਖੇ ਮੀਟ ਮੱਛੀ ਦੀ ਦੁਕਾਨ ਕਰਦਾ ਹੈ।
ਬੀਤੀ ਦੇਰ ਰਾਤ ਉਸ ਦਾ ਲੜਕਾ ਕਰਮਜੀਤ ਸਿੰਘ ਲਾਡੀ ਜੋ ਬਟਾਲਾ ਵਿਖੇ ਪੰਜਾਬ ਹੋਮਗਾਰਡ ਵਿਚ ਨੌਕਰੀ ਕਰਦਾ ਹੈ ਉਹ ਦੁਕਾਨ ‘ਤੇ ਮੌਜੂਦ ਸੀ ਕਿ ਤਿੰਨ ਮੋਟਰਸਾਈਕਲਾਂ ਤੇ ਸਵਾਰ 7 ਦੇ ਕਰੀਬ ਅਣਪਛਾਤੇ ਵਿਅਕਤੀਆਂ ਵਲੋਂ ਕਰਮਜੀਤ ਸਿੰਘ ਲਾਡੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਅਤੇ ਹਮਲਾਵਰ ਫ਼ਰਾਰ ਹੋ ਗਏ। ਕਰਮਜੀਤ ਲਾਡੀ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਅੰਮ੍ਰਿਤਸਰ ਦੀ ਫੋਰਟਿਸ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ |