ਧੂਰੀ, 10 ਮਾਰਚ (ਬਿਊਰੋ)-ਪੰਜਾਬ ਵਿਧਾਨ ਸਭਾ ਚੋਣਾਂ ਦੇ ਰੁਝਾਨਾਂ ਤੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਲਗਪਗ 90 ਸੀਟਾਂ ਜਿੱਤਦੀ ਨਜ਼ਰ ਆ ਰਹੀ ਹੈ। ਇਸ ਬਾਰੇ ਹੁਣ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ ਇਨਕਲਾਬ ਕਰਕੇ ਦਿਖਾਇਆ ਹੈ। ਪੰਜਾਬ ਦੇ ਲੋਕਾਂ ਨੇ ਕਮਾਲ ਕਰ ਦਿੱਤਾ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਦਿਖਾ ਦਿੱਤਾ ਹੈ ਕਿ ਪੰਜਾਬ ਦੇ ਕਈ ਵੱਡੇ ਨੇਤਾ ਚੋਣਾਂ ਹਾਰ ਗਏ ਹਨ।
ਆਮ ਆਦਮੀ ਪਾਰਟੀ ਨੇ ਬਦਲ ਦਿੱਤਾ ਸਿਸਟਮ- ਕੇਜਰੀਵਾਲ
ਕੇਜਰੀਵਾਲ ਨੇ ਕਿਹਾ ਕਿ ਪੰਜਾਬ ਅੰਦਰ ਕੁਰਸੀਆਂ ਹਿੱਲ ਗਈਆਂ ਹਨ। ਸੁਖਬੀਰ ਸਿੰਘ ਬਾਦਲ ਹਾਰ ਗਏ, ਕੈਪਟਨ ਸਾਹਬ ਹਾਰ ਗਏ, ਚੰਨੀ ਸਾਹਬ ਹਾਰ ਗਏ, ਪ੍ਰਕਾਸ਼ ਸਿੰਘ ਬਾਦਲ ਹਾਰ ਗਏ, ਨਵਜੋਤ ਸਿੰਘ ਸਿੱਧੂ ਹਾਰ ਗਏ, ਵਿਕਰਮ ਸਿੰਘ ਮਜੀਠੀਆ ਹਾਰ ਗਏ। ਇਹ ਇੱਕ ਵੱਡੀ ਕ੍ਰਾਂਤੀ ਹੈ। ਭਗਤ ਸਿੰਘ ਨੇ ਕਿਹਾ ਸੀ ਕਿ ਜੇ ਅਸੀਂ ਆਜ਼ਾਦੀ ਤੋਂ ਬਾਅਦ ਸਿਸਟਮ ਨਾ ਬਦਲਿਆ ਤਾਂ ਕੁਝ ਨਹੀਂ ਹੋਣ ਵਾਲਾ।
ਦੁੱਖ ਦੀ ਗੱਲ ਇਹ ਹੈ ਕਿ ਇਨ੍ਹਾਂ ਪਾਰਟੀਆਂ ਨੇ ਦੇਸ਼ ਵਿੱਚ ਉਹੀ ਅੰਗਰੇਜ਼ਾਂ ਦਾ ਸਿਸਟਮ ਕਾਇਮ ਰੱਖਿਆ। ਇਹੀ ਸਿਸਟਮ ਚੱਲ ਰਿਹਾ ਸੀ, ਆਮ ਆਦਮੀ ਪਾਰਟੀ ਨੇ ਪਿਛਲੇ 7 ਸਾਲਾਂ ਵਿੱਚ ਇਸ ਸਿਸਟਮ ਨੂੰ ਬਦਲ ਦਿੱਤਾ ਹੈ। ਅਸੀਂ ਇਮਾਨਦਾਰ ਰਾਜਨੀਤੀ ਸ਼ੁਰੂ ਕੀਤੀ ਹੈ, ਹੁਣ ਸਕੂਲ ਬਣ ਰਹੇ ਹਨ, ਗਰੀਬ ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ।