ਚੰਡੀਗੜ੍ਹ, 5 ਮਾਰਚ (ਬਿਊਰੋ)- ਚੰਡੀਗੜ੍ਹ ਵਿੱਚ ਹੁਣ ਸ਼ਰਾਬ ਸਸਤੀ ਨਹੀਂ ਹੋਵੇਗੀ। ਦੂਜੇ ਸੂਬਿਆਂ ਦੇ ਮੁਕਾਬਲੇ ਸ਼ਹਿਰ ਵਿੱਚ ਸ਼ਰਾਬ ਦੇ ਭਾਅ ਘੱਟ ਸਨ ਪਰ ਹੁਣ ਸ਼ਰਾਬ ਮਹਿੰਗੀ ਹੋਣ ਜਾ ਰਹੀ ਹੈ। ਅਪ੍ਰੈਲ 2022 ਤੋਂ ਬਾਅਦ ਸ਼ਹਿਰ ‘ਚ ਸ਼ਰਾਬ ਦੀ ਕੀਮਤ ਵਧੇਗੀ। ਅਜਿਹੇ ‘ਚ ਹੁਣ ਸ਼ਰਾਬੀਆਂ ਨੂੰ ਹੋਰ ਜੇਬਾਂ ਢਿੱਲੀਆਂ ਕਰਨੀਆਂ ਪੈਣਗੀਆਂ। ਕਿਉਂਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਸਾਲ 2022-23 ਲਈ ਨਵੀਂ ਆਬਕਾਰੀ ਨੀਤੀ ਜਾਰੀ ਕਰ ਦਿੱਤੀ ਹੈ। ਜਿਸ ਵਿੱਚ ਸ਼ਰਾਬ ਦੇ ਰੇਟ ਵਧਣਗੇ। ਇਸ ‘ਚ ਖਾਸ ਗੱਲ ਇਹ ਹੈ ਕਿ ਪ੍ਰਸ਼ਾਸਨ ਨੇ ਇਲੈਕਟ੍ਰੀਕਲ ਵਹੀਕਲਜ਼ (ਈ.ਵੀ.) ਨੂੰ ਪ੍ਰਮੋਟ ਕਰਨ ਲਈ ਸ਼ਰਾਬ ਮਹਿੰਗੀ ਕਰ ਦਿੱਤੀ ਹੈ। ਪ੍ਰਸ਼ਾਸਨ ਨੇ ਈਵੀ ਨੀਤੀ ਨੂੰ ਅੱਗੇ ਵਧਾਉਣ ਲਈ ਪੈਸਾ ਇਕੱਠਾ ਕਰਨ ਲਈ ਸ਼ਰਾਬ ਦੀਆਂ ਬੋਤਲਾਂ ‘ਤੇ ਈਵੀ ਸੈੱਸ ਲਗਾਉਣ ਦਾ ਫੈਸਲਾ ਕੀਤਾ ਹੈ।
ਇਸ ਨਵੀਂ ਆਬਕਾਰੀ ਨੀਤੀ ਨੂੰ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਸ਼ੁੱਕਰਵਾਰ ਨੂੰ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਮਨਜ਼ੂਰੀ ਦਿੱਤੀ ਹੈ। ਇਸ ਮੀਟਿੰਗ ਵਿੱਚ ਸਲਾਹਕਾਰ ਧਰਮਪਾਲ, ਵਿੱਤ ਕਮ ਆਬਕਾਰੀ ਤੇ ਕਰ ਸਕੱਤਰ ਵਿਜੇ ਨਾਮਦਿਓ ਰਾਓ ਜੇਡੇ ਅਤੇ ਹੋਰ ਅਧਿਕਾਰੀ ਹਾਜ਼ਰ ਸਨ।