ਤਿੰਨ ਦਿਨਾ ਵਿਸ਼ਵ ਨਾਰੀ ਦਿਵਸ ਨਾਟ-ਉਤਸਵ
ਤਿੰਨੋਂ ਦਿਨ ਵੱਖ ਲੋਕੇਸ਼ਨਾਂ ’ਤੇ ਹੋਣਗੇ ਚਾਰ ਨਾਟਕ

ਚੰਡੀਗੜ੍ਹ, 4 ਮਾਰਚ :ਸੁਚੇਤਕ ਰੰਗਮੰਚ ਮੋਹਾਲੀ ਵੱਲੋਂ 6 ਤੋਂ 8 ਮਾਰਚ ਤੱਕ ਵਿਸ਼ਵ ਨਾਰੀ ਦਿਵਸ ਨਾਟ-ਉਤਸਵ ਕੀਤਾ ਜਾ ਰਿਹਾ ਹੈ, ਜੋ ਤਿੰਨੋਂ ਦਿਨ ਵੱਖ-ਵੱਖ ਲੋਕੇਸ਼ਨਾਂ ’ਤੇ ਹੋਵੇਗਾ. ਇਹ ਜਾਣਕਾਰੀ ਸੁਚੇਤਕ ਰੰਗਮੰਚ ਦੀ ਪ੍ਰਧਾਨ ਅਨੀਤਾ ਸ਼ਬਦੀਸ਼ ਵੱਲੋਂ ਸਾਂਝੀ ਕੀਤੀ ਗਈ ਹੈ. ਉਨ੍ਹਾਂ ਦੱਸਿਆ ਕਿ ਇਹ ਨਾਟ-ਉਤਸਵ ਟੈਗੋਰ ਥੀਏਟਰ ਸੈਕਟਰ 18 ਅਤੇ ਪੰਜਾਬ ਕਲਾ ਭਵਨ ਸੈਕਟਰ 16 ਵਿੱਚ ਹੋਣ ਜਾ ਰਿਹਾ ਹੈ. ਇਸਦੇ ਪਹਿਲੇ ਦੋ ਦਿਨਾਂ ਦੀਆਂ ਪੇਸ਼ਕਾਰੀਆਂ ਰੰਗਕਰਮੀ ਆਪਣੇ ਸੀਮਤ ਸਾਧਨਾਂ ਨਾਲ ਕਰ ਰਹੇ ਹਨ, ਜਦਿਕ ਪੰਜਾਬ ਕਲਾ ਭਵਨ ਵਿੱਚ ਹੋ ਰਿਹਾ ਨਾਟਕ ‘ਮਨ ਮਿੱਟੀ ਦਾ ਬੋਲਿਆ’ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ.
ਇਸਦੇ ਪਹਿਲੇ ਦਿਨ ਸਾਰਥਕ ਰੰਗਮੰਚ ਪਟਿਆਲਾ ਵੱਲੋਂ ਲੱਖਾ ਲਹਿਰੀ ਦੀ ਨਿਰਦੇਸ਼ਨਾ ਹੇਠ ਟੈਗੋਰ ਥੀਏਟਰ ਸੈਕਟਰ 18 ਵਿੱਚ ‘ਲਾਕ ਡਾਉਨ-ਇੱਕ ਪ੍ਰੇਮ ਕਥਾ’ ਨਾਟਕ ਖੇਡਿਆ ਜਾਵੇਗਾ. ਇਹ ਨਾਟਕ ਬਲਜੀਤ ਸਿੰਘ ਦੇ ਕਰੋਨਾ ਕਾਲ ਦੌਰਾਨ ਲਿਖੇ ਨਾਵਲ ’ਤੇ ਆਧਾਰਤ ਹੈ. ਇਹ ਨਾਟਕ ਅਚਨਚੇਤ ਲਗਾਏ ਗਏ ਲਾਕ ਡਾਉਨ ਦੌਰਾਨ ਦਿੱਲੀ ਵਿੱਚ ਘਿਰੇ ਸਿੱਖ ਨੌਜਵਾਨ ਤੇ ਹੈਦਰਾਬਾਦ ਦੀ ਮੁਸਲਿਮ ਕੁੜੀ ਦੇ ਇੱਕੋ ਘਰ ਵਿੱਚ ਰਹਿਣ ਤੇ ਵਿਛੜਨ ਤੱਕ ਦੀ ਕਹਾਣੀ ਬਿਆਨ ਕਰਦਾ ਹੈ.
ਦੂਜੇ ਦਿਨ ਮਿੰਨੀ ਟੈਗੋਰ ਵਿੱਚ ਦੋ ਨਾਟਕ ਖੇਡੇ ਜਾਣਗੇ. ਇਹ ਦੋਵੇਂ ਨਾਟਕ ਪੰਜਾਬੀ ਰੰਗਮੰਚ ਦੀ ਮਹਾਨ ਹਸਤੀ ਮਰਹੂਮ ਗੁਰਸ਼ਰਨ ਸਿੰਘ ਦੇ ਲਿਖੇ ਹੋਏ ਹਨ ਅਤੇ ਸੁਚੇਤਕ ਸਕੂਲ ਆਫ਼ ਐਕਟਿੰਗ ਦੇ ਵਿਦਿਆਰਥੀਆਂ ਵੱਲੋਂ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤੇ ਹੋਣਗੇ. ਇਸ ਵਿੱਚ ਪਹਿਲਾ ਨਾਟਕ ‘ਨਾਇਕ’ ਹੋਵੇਗਾ, ਜੋ ਅਨਿਆਂ ਆਧਾਰਤ ਨਿਜ਼ਾਮ ਦੇ ਸ਼ਿਕਾਰ ਪਿਉ-ਪੁੱਤ ਦੇ ਆਪਸੀ ਝਗੜੇ ਨੂੰ ਪੇਸ਼ ਕਰਦਾ ਹੈ. ਇਹ ਝਗੜਾ ਖ਼ਤਮ ਕਿਵੇਂ ਹੁੰਦਾ ਹੈ; ਇਹ ਹੀ ਨਾਟਕ ਦੀ ਕਹਾਣੀ ਹੈ. ਇਸ ਦਿਨ ਦਾ ਦੂਜਾ ਨਾਟਕ ਵਿਸ਼ਵ ਪੱਧਰ ਦੇ ਮਹਾਨ ਲੇਖਕ ਯਾਂ ਪਾਲ ਸਾਰਤਰ ਦੇ ਨਾਟਕ ‘ਮੱਖੀਆਂ’ ਤੋਂ ਪ੍ਰੇਰਤ ਹੈ, ਜਿਸਨੂੰ ਸ੍ਰ. ਗੁਰਸ਼ਰਨ ਸਿੰਘ ਨੇ ‘ਜਦੋਂ ਰੌਸ਼ਨੀ ਹੁੰਦੀ ਹੈ’ ਦੇ ਸਿਰਲੇਖ ਤਹਿਤ ਪੇਸ਼ ਕੀਤਾ ਹੈ.
ਇਸ ਨਾਟ-ਉਤਸਵ ਦੇ ਤੀਜੇ ਤੇ ਆਖਰੀ ਦਿਨ ਦੀ ਪੇਸ਼ਕਾਰੀ ‘ਮਨ ਮਿੱਟੀ ਦਾ ਬੋਲਿਆ’ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਪੰਜਾਬ ਕਲਾ ਭਵਨ ਸੈਕਟਰ 16 ਵਿੱਚ ਹੋਵੇਗੀ. ਇਹ ਸੋਲੋ ਨਾਟਕ ਸ਼ਬਦੀਸ਼ ਦੀ ਰਚਨਾ ਹੈ, ਜਿਸ ਵਿੱਚ ਘਰ-ਪਰਿਵਾਰ ਤੇ ਸਮਾਜ ਵਿੱਚ ਹਵਸ ਦੀਆਂ ਸ਼ਿਕਾਰ ਔਰਤਾਂ ਦਾ ਦਰਦ ਪੇਸ਼ ਕੀਤਾ ਗਿਆ ਹੈ. ਇਨ੍ਹਾਂ ਵੱਖ-ਵੱਖ ਔਰਤਾਂ ਦੀ ਭੂਮਿਕਾ ਨਾਟਕ ਦੀ ਨਿਰਦੇਸ਼ਕ ਅਨੀਤਾ ਸ਼ਬਦੀਸ਼ ਵੱਲੋਂ ਨਿਭਾਈ ਜਾਵੇਗਾ |

Leave a Reply

Your email address will not be published. Required fields are marked *