ਸ੍ਰੀ ਮੁਕਤਸਰ ਸਾਹਿਬ, 14 ਜਨਵਰੀ (ਬਿਊਰੋ)- ਚਾਲੀ ਮੁਕਤਿਆਂ ਦੀ ਯਾਦ ਵਿੱਚ ਮਨਾਇਆ ਜਾਣ ਵਾਲਾ ਮੇਲਾ ਮਾਘੀ ਇਸ ਵਾਰ ਪੂਰੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। 14 ਜਨਵਰੀ ਨੂੰ ਮਾਘੀ ਇਸ਼ਨਾਨ ਦੇ ਦਿਨ ਅੱਜ ਵੱਡੀ ਗਿਣਤੀ ਵਿੱਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਨਤਮਸਤਕ ਹੋਈਆਂ। ਸੰਗਤਾਂ ਦੀ ਆਮਦ 13 ਅਤੇ 14 ਜਨਵਰੀ ਦੀ ਦਰਮਿਆਨੀ ਰਾਤ ਹੀ ਸ਼ੁਰੂ ਹੋ ਗਈ ਸੀ। ਰਾਤ 12 ਵਜੇ ਤੋਂ ਬਾਅਦ ਸੰਗਤਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਸਥਿਤ ਪਵਿੱਤਰ ਸਰੋਵਰ ਵਿਖੇ ਇਸ਼ਨਾਨ ਸ਼ੁਰੂ ਕਰ ਦਿੱਤਾ।
ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਦੇ ਬਾਵਜੂਦ ਸੰਗਤਾਂ ਵੱਡੀ ਗਿਣਤੀ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈਆਂ, ਜਿਨ੍ਹਾਂ ਨੇ ਪਵਿੱਤਰ ਸਰੋਵਰ ’ਚ ਇਸ਼ਨਾਨ ਕੀਤਾ। ਸੰਗਤ ਦੀ ਆਮਦ ਨੂੰ ਵੇਖ ਸ੍ਰੀ ਮੁਕਤਸਰ ਸਾਹਿਬ ਦੇ ਸਾਰੇ ਮੁੱਖ ਮਾਰਗਾਂ ’ਤੇ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਅਤੇ ਸੰਗਤ ਵੱਲੋਂ ਲੰਗਰ ਲਾਏ ਗਏ। ਸ੍ਰੀ ਦਰਬਾਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਰਿਹਾਇਸ਼ ਅਤੇ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਇਸ ਮੌਕੇ ਭਾਈ ਮਹਾ ਸਿੰਘ ਦੀਵਾਨ ਹਾਲ ਵਿਖੇ ਧਾਰਮਿਕ ਦੀਵਾਨ ਸਜਾਏ ਗਏ, ਜਿਥੇ ਰਾਗੀ ਢਾਡੀ ਅਤੇ ਪ੍ਰਚਾਰਕ ਸਿੰਘਾਂ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ।
ਸ੍ਰੀ ਦਰਬਾਰ ਸਾਹਿਬ ਵਿਖੇ ਗੁਰਬਾਣੀ ਕੀਰਤਨ ਦੇ ਪ੍ਰਵਾਹ ਚੱਲਦੇ ਰਹੇ। ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਸੰਗਤ ਦੀਆਂ ਬੀਤੀ ਰਾਤ ਬਾਰਾਂ ਵਜੇ ਤੋਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ। ਗੁਰਦੁਆਰਾ ਸਾਹਿਬ ਦੇ ਬਾਹਰ ਮੁੱਖ ਸੱਤ ਗੇਟਾ ਉੱਤੇ ਪੁਲਸ ਪ੍ਰਸ਼ਾਸ਼ਨ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ। ਸੱਤ ਗੇਟਾਂ ’ਤੇ ਜਿੱਥੇ ਪੁਲਸ ਪ੍ਰਸ਼ਾਸਨ ਵੱਲੋਂ ਸਹਾਇਤਾ ਕੇਂਦਰ ਬਣਾਏ ਗਏ, ਉਥੇ ਹੀ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ’ਤੇ ਵੱਡੀ ਗਿਣਤੀ ’ਚ ਸੰਗਤ ਦੀ ਆਮਦ ਦੇ ਮੱਦੇਨਜ਼ਰ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ। ਕੋਰੋਨਾ ਦੇ ਇਸ ਦੌਰ ’ਚ ਹਦਾਇਤਾਂ ਦੀ ਪਾਲਣਾ ਕਰਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਲੋਕਾਂ ਨੂੰ ਜਾਗਰੂਕ ਕਰਦੀਆਂ ਰਹੀਆਂ।
ਦੱਸ ਦੇਈਏ ਕਿ ਚੋਣ ਜ਼ਾਬਤਾ ਲੱਗਿਆ ਹੋਣ ਕਾਰਨ ਇਸ ਵਾਰ ਮੇਲਾ ਮਾਘੀ ’ਤੇ ਰਾਜਸੀ ਕਾਨਫਰੰਸਾਂ ਨਹੀਂ ਹੋ ਰਹੀਆਂ। ਬੀਤੀ ਦੇਰ ਰਾਤ ਤੋਂ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਵਾਲਿਆਂ ਦੀ ਗਿਣਤੀ ਦਿਨ ਚੜ੍ਹਦਿਆਂ ਹੋਰ ਵਧਦੀ ਗਈ। ਪਵਿੱਤਰ ਸਰੋਵਰ ਵਿਚ ਆਸਥਾ ਦੀ ਇਹ ਡੁਬਕੀ ਕੋਰੋਨਾ ਅਤੇ ਕੜਾਕੇ ਦੀ ਠੰਢ ਤੇ ਭਾਰੀ ਪੈਂਦੀ ਨਜ਼ਰ ਆਈ।
ਵੱਡੀ ਗਿਣਤੀ ’ਚ ਸ੍ਰੀ ਮੁਕਤਸਰ ਸਾਹਿਬ ਪਹੁੰਚਿਆ ਸੰਗਤਾਂ ਸ੍ਰੀ ਦਰਬਾਰ ਸਾਹਿਬ ਤੋਂ ਇਲਾਵਾ ਗੁਰਦੁਆਰਾ ਤੰਬੂ ਸਾਹਿਬ, ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਗੁਰਦੁਆਰਾ ਮਾਤਾ ਭਾਗ ਕੌਰ, ਗੁਰਦੁਆਰਾ ਟਿੱਬੀ ਸਾਹਿਬ, ਗੁਰਦੁਆਰਾ ਰਕਾਬ ਗੰਜ ਸਾਹਿਬ, ਗੁਰਦੁਆਰਾ ਦਾਤਣਸਰ ਸਾਹਿਬ ਗੁਰਦੁਆਰਾ ਤਰਨ ਤਾਰਨ ਸਾਹਿਬ ਵਿਖੇ ਨਤਮਸਤਕ ਹੋਈਆਂ। 12 ਜਨਵਰੀ ਤੋਂ ਆਰੰਭ ਹੋਏ ਮੇਲੇ ਸਬੰਧੀ ਧਾਰਮਿਕ ਸਮਾਗਮਾਂ ਦੀ ਸਮਾਪਤੀ 15 ਜਨਵਰੀ ਨੂੰ ਹੋਵੇਗੀ। 15 ਜਨਵਰੀ ਨੂੰ ਸ੍ਰੀ ਦਰਬਾਰ ਸਾਹਿਬ ਤੋਂ ਗੁਰਦੁਆਰਾ ਟਿੱਬੀ ਸਾਹਿਬ ਤੱਕ ਨਗਰ ਕੀਰਤਨ ਸਜਾਏ ਜਾਣਗੇ।