ਬੇਅਦਬੀ ਮਾਮਲੇ ’ਤੇ ਬੋਲੇ ਪ੍ਰਕਾਸ਼ ਸਿੰਘ ਬਾਦਲ, ਕਾਂਗਰਸ ਨੂੰ ਲੈ ਕੇ ਆਖੀ ਵੱਡੀ ਗੱਲ

badal/nawanpunjab.com

ਮਲੋਟ, 29 ਦਸੰਬਰ (ਬਿਊਰੋ)- ਪੰਜਾਬ ਸਰਕਾਰ ਅੰਮ੍ਰਿਤਸਰ ਸਾਹਿਬ ਦੇ ਪਾਵਨ ਪਵਿੱਤਰ ਅਸਥਾਨ ਹਰਿਮੰਦਰ ਸਾਹਿਬ ਅਤੇ ਹੋਰ ਥਾਵਾਂ ’ਤੇ ਹੋਈ ਬੇਅਬਦੀ ਦੇ ਦੋਸ਼ੀਆਂ ਦਾ ਪਤਾ ਲਗਾਉਣ ਲਈ ਗੰਭੀਰ ਨਹੀਂ ਹੈ। ਇਹ ਵਿਚਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਿੰਡ ਸਿੱਖਵਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਗਟਾਏ ਗਏ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਮੰਦਭਾਗੇ ਬੇਅਬਦੀ ਕਾਂਡ ਨਾਲ ਸਿੱਖਾਂ ਦੀਆਂ ਭਾਵਨਾਵਾਂ ਵਲੂੰਧਰੀਆਂ ਗਈਆਂ ਹਨ ਪਰ ਪੰਜਾਬ ਸਰਕਾਰ ਦੋਸ਼ੀ ਦੀ ਪਹਿਚਾਣ ਵੀ ਉਜਾਗਰ ਨਹੀਂ ਕਰ ਸਕੀ ਹੈ ਜੋ ਕਿ ਸਰਕਾਰ ਦੀ ਨਲਾਇਕੀ ਦਾ ਜਿਉਂਦਾ ਜਾਗਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਦਾ ਸਿਰਫ਼ ਬਦਲਾ ਲਊ ਕਾਰਵਾਈ ਵੱਲ ਧਿਆਨ ਹੈ ਅਤੇ ਲੋਕਾਂ ਦੇ ਮਸਲਿਆਂ ਨੂੰ ਸਿਰਫ਼ ਲਾਰਿਆਂ ਨਾਲ ਹੀ ਹੱਲ ਕਰਨ ਦੇ ਅਸੂਲ ’ਤੇ ਹੀ ਚਲ ਰਹੀ ਹੈ ।

ਸਰਦਾਰ ਬਾਦਲ ਨੇ ਪੰਜਾਬ ਦੇ ਕਾਂਗਰਸੀ ਆਗੂਆਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਹ ਆਪਣੀ ਰਵਾਇਤੀ ਆਦਤ ਮੁਤਾਬਕ ਝੂਠੀਆਂ ਸੋਹਾਂ ਤੋਂ ਬਾਅਦ ਹੁਣ ਝੂਠੇ ਲਾਰਿਆਂ ਨਾਲ ਜਨਤਾ ਨੂੰ ਭਰਮਾਉਣ ਦੀ ਚਾਲ ਚੱਲ ਰਹੇ ਹਨ ਜਿਸ ਨੂੰ ਪੰਜਾਬ ਵਾਸੀ ਬਾਖ਼ੂਬੀ ਸਮਝਦੇ ਹਨ ਅਤੇ ਹੁਣ ਕਾਂਗਰਸੀਆਂ ਦੀਆਂ ਗੱਲਾਂ ਵਿਚ ਫਸਣ ਵਾਲੇ ਨਹੀਂ ਹਨ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਆਗਾਮੀ ਪੰਜਾਬ ਦੌਰੇ ਦੌਰਾਨ ਪੰਜਾਬ ਦਾ ਖੋਹਿਆ ਪਾਣੀ ਵਾਪਸ ਕਰਨ, ਪੰਜਾਬ ਦੀ ਰਾਜਧਾਨੀ ਪੰਜਾਬ ਨੂੰ ਦੇਣ, ਕਿਸਾਨਾਂ ਸਿਰ ਚੜ੍ਹੇ ਕਰਜ਼ੇ ਨੂੰ ਮੁਆਫ਼ ਕਰਨ ਇਸ ਤੋਂ ਇਲਾਵਾ ਅੱਤਵਾਦ ਦੀ ਲੜਾਈ ਦੌਰਾਨ ਪੰਜਾਬ ਸਿਰ ਚੜ੍ਹੇ ਕਰਜ਼ੇ ਨੂੰ ਵੀ ਮੁਆਫ਼ ਕਰਨ ਦਾ ਐਲਾਨ ਕਰਨਾ ਚਾਹੀਦਾ ਹੈ ਤਾਂ ਜੋ ਪੰਜਾਬ ਦੇ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਰੁਕ ਸਕਣ। ਉਨ੍ਹਾਂ ਪੰਜਾਬ ਵਿਚ ਵਿਗੜ ਰਹੇ ਅਮਨ ਕਾਨੂੰਨ ਦੀ ਹਾਲਤ ਦੀ ਵੀ ਆਲੋਚਨਾ ਕੀਤੀ ।

Leave a Reply

Your email address will not be published. Required fields are marked *