ਫਿਰੋਜ਼ਪੁਰ, 21 ਦਸੰਬਰ (ਬਿਊਰੋ)- ਕਥਿਤ ਤੌਰ ‘ਤੇ ਜਬਰ ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਮਸ਼ਹੂਰ ਕਾਰੋਬਾਰੀ ਵੀਪੀ ਸਿੰਘ ਹਾਂਡਾ ਨੂੰ ਪੁਲਿਸ ਵੱਲੋਂ ਕਥਿਤ ਤੌਰ ‘ਤੇ ਕਲੀਨ ਚਿੱਟ ਦਿੱਤੇ ਜਾਣ ਦੀ ਭਿਣਕ ਪੈਂਦਿਆਂ ਹੀ ਸਥਾਨਕ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਆਪਣੇ ਲਾਮ ਲਸ਼ਕਰ ਨਾਲ ਐੱਸਐੱਸਪੀ ਆਫਿਸ ਪਹੁੰਚੇ ਅਤੇ ਲੰਮਾ ਸਮਾਂ ਐੱਸਐੱਸਪੀ ਫ਼ਿਰੋਜ਼ਪੁਰ ਹੰਸ ਨਾਲ ਬੰਦ ਕਮਰਾ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਦੇ ਸਮਰਥਕ ਵੀ ਕਾਫ਼ੀ ਤਲਖ਼ ਨਜ਼ਰ ਆ ਰਹੇ ਸਨ। ਜ਼ਿਲ੍ਹਾ ਪੁਲਿਸ ਮੁਖੀ ਦਫ਼ਤਰ ਤੋਂ ਬਾਹਰ ਆਉਂਦਿਆਂ ਹੀ ਪਰਮਿੰਦਰ ਸਿੰਘ ਪਿੰਕੀ ਨੇ ਡੀਜੀਪੀ ਚਟੋਪਾਧਿਆਏ ‘ਤੇ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਗਾਉਂਦਿਆਂ ਆਖਿਆ ਕਿ ਡੀਜੀਪੀ ਚਟੋਪਾਧਿਆਏ ਜਬਰ-ਜਨਾਹ ਦੇ ਦੋਸ਼ੀ ਵੀਪੀ ਸਿੰਘ ਨੂੰ ਆਪਣੀ ਕਾਰ ਵਿੱਚ ਲੈ ਕੇ ਘੁੰਮ ਰਹੇ ਹਨ ਅਤੇ ਵੀਪੀ ਸਿੰਘ ਚਟੋਪਾਧਿਆਏ ਦੀ ਸ਼ਹਿ ‘ਤੇ ਪੁਲਿਸ ਅਧਿਕਾਰੀਆਂ ਨੂੰ ਧਮਕਾ ਰਿਹਾ ਹੈ। ਪਿੰਕੀ ਨੇ ਦੋਸ਼ ਲਗਾਏ ਕਿ ਕਾਰੋਬਾਰੀ ਵੀਪੀ ਸਿੰਘ ਵੱਲੋਂ ਇਕ ਔਰਤ ਨਾਲ ਜਬਰ ਜਨਾਹ ਕੀਤਾ ਗਿਆ ਸੀ। ਇਸ ਸਬੰਧੀ ਦਰਜ ਮਾਮਲੇ ਵਿਚ ਵੀਪੀ ਸਿੰਘ ਦੀ ਜ਼ਮਾਨਤ ਸੁਪਰੀਮ ਕੋਰਟ ਤਕ ਤੋਂ ਖਾਰਜ ਹੋ ਚੁੱਕੀ ਹੈ। ਅਜਿਹੇ ਵਿਚ ਇਕ ਸੂਬੇ ਦੇ ਡੀਜੀਪੀ ਵੱਲੋਂ ਉਸ ਨੂੰ ਆਪਣੀ ਕਾਰ ‘ਚ ਬਿਠਾ ਕੇ ਘੁੰਮਣਾ ਸੂਬੇ ਦੀ ਜਨਤਾ ਨੂੰ ਗ਼ਲਤ ਸੰਕੇਤ ਜਾਂਦਾ ਹੈ।
ਕਾਂਗਰਸੀ ਵਿਧਾਇਕ ਪਿੰਕੀ ਨੇ ਡੀਜੀਪੀ ਚਟੋਪਾਧਿਆਏ ਖ਼ਿਲਾਫ਼ ਖੋਲ੍ਹਿਆ ਮੋਰਚਾ, ਕਿਹਾ- ਪਰਿਵਾਰ ਨੂੰ ਕੁਝ ਹੋਇਆ ਤਾਂ ਡੀਜੀਪੀ ਹੋਵੇਗਾ ਜ਼ਿੰਮੇਵਾਰ
