ਮਜੀਠੀਆ ਖ਼ਿਲਾਫ਼ FIR ਮਗਰੋਂ ਸੁਖਬੀਰ ਬਾਦਲ ਦਾ ਪਹਿਲਾ ਬਿਆਨ, ਕਾਂਗਰਸ ਨੂੰ ਦਿੱਤੀ ਵੱਡੀ ਚਿਤਾਵਨੀ

sukh/nawanpunjab.com

ਅੰਮ੍ਰਿਤਸਰ, 21 ਦਸੰਬਰ (ਬਿਊਰੋ)-  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨ ਦੇ ਮਾਮਲੇ ਸਬੰਧੀ ਬੋਲਦਿਆਂ ਕਿਹਾ ਹੈ ਕਿ ਅਸੀਂ ਕਾਂਗਰਸ ਦਾ ਚੈਲੰਜ ਕਬੂਲਦੇ ਹਾਂ। ਉਨ੍ਹਾਂ ਕਿਹਾ ਕਿ ਮਜੀਠੀਆ ਖ਼ਿਲਾਫ਼ ਝੂਠਾ ਕੇਸ ਦਰਜ ਕੀਤਾ ਗਿਆ ਹੈ ਅਤੇ ਅਸੀਂ ਇਸ ਖ਼ਿਲਾਫ਼ ਲੀਗਲ ਲੜਾਈ ਲੜਾਂਗੇ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੀ ਜਨਤਾ ਅੱਗੇ ਸੱਚ ਲਿਆਵਾਂਗੇ। ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਨਸ਼ਿਆਂ ਅਤੇ ਬੇਅਦਬੀ ਦੇ ਦੋਸ਼ੀਆਂ ਨੂੰ ਫੜ੍ਹਨ ਦੀ ਬਜਾਏ ਹਮੇਸ਼ਾ ਸਿਆਸਤ ਕੀਤੀ ਹੈ। ਉਨ੍ਹਾਂ ਕਿਹਾ ਕਿ ਜੋ ਇਨ੍ਹਾਂ ਮਾਮਲਿਆਂ ‘ਤੇ ਸਿਆਸਤ ਕਰੇਗਾ, ਉਸ ਦਾ ਕੱਖ ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ ਪਿਛਲੀਆਂ ਚੋਣਾਂ ਦੌਰਾਨ ਵੀ ਇਹੀ ਸਭ ਕੁੱਝ ਹੋਇਆ ਸੀ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਅਤੇ ਦਿੱਲੀ ਦੀ ਸਰਕਾਰ ਕੋਲ ਹਰ ਕਿਸਮ ਦੀਆਂ ਏਜੰਸੀਆਂ ਹਨ ਅਤੇ ਤਾਕਤ ਹੈ, ਇਸ ਲਈ ਜਲਦ ਤੋਂ ਜਲਦ ਅਸਲ ਦੋਸ਼ੀਆਂ ਦਾ ਪਤਾ ਲਾਉਣਾ ਚਾਹੀਦਾ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਹੁਣ ਪੰਜਾਬ ਸਰਕਾਰ ਨੂੰ ਪਤਾ ਹੈ ਕਿ ਜਨਤਾ ਦੀ ਕਚਹਿਰੀ ‘ਚ ਜਾਣਾ ਪੈਣਾ ਹੈ, ਜਿਸ ਕਾਰਨ ਉਨ੍ਹਾਂ ਦਾ ਸਿਰਫ ਇੱਕੋ ਇਕ ਮਕਸਦ ਹੈ ਕਿ ਅਕਾਲੀ ਦਲ ਦੇ ਆਗੂਆਂ ‘ਤੇ ਕਿਵੇਂ ਝੂਠੇ ਪਰਚੇ ਦਰਜ ਕਰੀਏ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਿਸੇ ਵੀ ਪਰਚੇ ਤੋਂ ਡਰੇਗਾ ਨਹੀਂ ਅਤੇ ਨਾ ਹੀ ਪਿੱਛੇ ਹਟੇਗਾ, ਸਗੋਂ ਡਟ ਕੇ ਸਾਹਮਣਾ ਕਰੇਗਾ ਅਤੇ ਜਨਤਾ ਅੱਗੇ ਪੂਰਾ ਸੱਚ ਲਿਆਵੇਗਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਉਣ ‘ਤੇ ਜਿੰਨੇ ਵੀ ਪੁਲਸ ਅਫ਼ਸਰਾਂ ਨੇ ਆਗੂਆਂ ਦੀ ਸ਼ਹਿ ‘ਤੇ ਅਕਾਲੀ ਵਰਕਰਾਂ ਖ਼ਿਲਾਫ਼ ਝੂਠੇ ਪਰਚੇ ਦਰਜ ਕੀਤੇ ਹਨ, ਉਨ੍ਹਾਂ ਸਭ ਨੂੰ ਨੌਕਰੀ ਤੋਂ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ ਖ਼ਿਲਾਫ਼ ਪੰਜਾਬ ਸਰਕਾਰ ਵੱਲੋਂ ਝੂਠਾ ਕੇਸ ਬਣਾਇਆ ਗਿਆ ਹੈ ਅਤੇ ਹੁਣ ਸਮਾਂ ਆ ਗਿਆ ਹੈ, ਪੰਜਾਬ ਸਰਕਾਰ ਇਸ ਦਾ ਨਤੀਜਾ ਭੁਗਤਣ ਲਈ ਤਿਆਰ ਰਹੇ।

Leave a Reply

Your email address will not be published. Required fields are marked *