ਜਨਤਾ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਬੋਲੇ ਨਵਜੋਤ ਸਿੱਧੂ, ‘CM ਚੰਨੀ ਤੇ ਮੇਰੀ ਦੋ ਬਲਦਾਂ ਦੀ ਜੋੜੀ’

sidhu/nawanpunjab.com

ਰਾਏਕੋਟ,16 ਦਸੰਬਰ (ਬਿਊਰੋ)- ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਦਾਣਾ ਮੰਡੀ ਰਾਏਕੋਟ ਵਿਖੇ ਜਨਤਾ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਨੂੰ ਜਨਤਾ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਨਤਾ ਦੀ ਵੋਟ ਪੰਜਾਬ ਨੂੰ ਪੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਮਾਡਲ ਰਾਹੀਂ ਇਕ ਨਵੀਂ ਸਵੇਰ ਵੀ ਪੰਜਾਬ ‘ਚ ਲਿਆਂਦੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਲਈ ਹਰ ਵਿਅਕਤੀ ਨੂੰ ਸਿਆਸਤ ਦਾ ਹਿੱਸਾ ਬਣਨਾ ਪਵੇਗਾ। ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਨੂੰ ਜਿਤਾਉਣ ਲਈ ਉਹ ਹਰ ਵਿਅਕਤੀ ਨੂੰ ਸਿਆਸੀ ਬਣਾ ਕੇ ਇਹ ਲੜਾਈ ਲੜਨਗੇ। ਉਨ੍ਹਾਂ ਕਿਹਾ ਕਿ ਪੰਜਾਬ ਖੋਖਲਾ ਹੁੰਦਾ ਜਾ ਰਿਹਾ ਹੈ ਅਤੇ ਜਵਾਨੀ ਬਰਬਾਦ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਖਜ਼ਾਨਾ ਭਰਨਾ ਪੈਣਾ ਹੈ ਅਤੇ ਕਿਸਾਨੀ ਅਤੇ ਜਵਾਨੀ ਨੂੰ ਖੜ੍ਹੇ ਕਰਨਾ ਪੈਣਾ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਉਹ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਮਾਡਲ ਦੀ ਝਲਕ ਦਿਖਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਜ਼ੁਬਾਨ ਦਿੰਦੇ ਹਨ ਕਿ ਕਿਸਾਨਾਂ ਦੀ ਪਛਾਣ ਉਹ ਆਪਣੇ ਛੋਟੇ ਵੀਰ ਚਰਨਜੀਤ ਸਿੰਘ ਚੰਨੀ ਨਾਲ ਰਲ ਕੇ ਖੜ੍ਹੀ ਕਰਨਗੇ। ਉਨ੍ਹਾਂ ਨੇ ਕਿਹਾ ਕਿ ਮੇਰੀ ਅਤੇ ਮੁੱਖ ਮੰਤਰੀ ਚੰਨੀ ਦੀ ਦੋ ਬਲਦਾਂ ਦੀ ਜੋੜੀ ਹੈ।
ਨਵਜੋਤ ਸਿੱਧੂ ਦੇ ਵੱਡੇ ਐਲਾਨ
ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਦਾਲਾਂ, ਬੀਜਾਂ ਤੇ ਐੱਮ. ਐੱਸ. ਪੀ. ਪੰਜਾਬ ਸਰਕਾਰ ਦੇਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵੇਅਰ ਹਾਊਸਾਂ ‘ਚ ਕਿਸਾਨ ਆਪਣੀ ਫ਼ਸਲ ਸਟੋਰ ਕਰ ਸਕਣਗੇ। ਉਨ੍ਹਾਂ ਕਿਹਾ ਕਿ ਜਿਹੜੀ ਫ਼ਸਲ ਪੰਜਾਬ ਸਰਕਾਰ ਵੱਲੋਂ ਲਾਉਣ ਦੀ ਹਦਾਇਤ ਦਿੱਤੀ ਜਾਵੇਗੀ, ਜੇਕਰ ਕਿਸਾਨ ਨੂੰ ਉਸ ‘ਤੇ ਘੱਟ ਰੇਟ ਮਿਲਦਾ ਹੈ ਤਾਂ ਬਾਕੀ ਬਕਾਇਆ ਉਸ ਨੂੰ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਵੇਗਾ। ਨਵਜੋਤ ਸਿੱਧੂ ਨੇ ਕਿਹਾ ਕਿ ਇਹ ਉਨ੍ਹਾਂ ਦੀਆਂ ਗਾਰੰਟੀਆਂ ਨਹੀਂ, ਸਗੋਂ ਲੋਕਾਂ ਨੂੰ ਦਿੱਤੀ ਗਈ ਜ਼ੁਬਾਨ ਹੈ।
ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਨੂੰ ਕਿਸੇ ਵੀ ਕੀਮਤ ‘ਤੇ ਰੁਲ੍ਹਣ ਨਹੀਂ ਦੇਵਾਂਗੇ ਅਤੇ ਪੰਜਾਬ ਮਾਡਲ ਹਰ ਹਾਲ ‘ਚ ਲਾਗੂ ਹੋ ਕੇ ਰਹੇਗਾ। ਨਵਜੋਤ ਸਿੱਧੂ ਨੇ ਕਿਹਾ ਕਿ ਮੱਕੀ ਦੀ ਫ਼ਸਲ ‘ਤੇ ਐੱਮ. ਐੱਸ. ਪੀ. 1600 ਰੁਪਏ ਹੈ ਪਰ ਕਿਸਾਨਾਂ ਨੂੰ ਮਾਰਕਿਟ ‘ਚ 800 ਰੁਪਏ ਮਿਲਦੇ ਹਨ। ਹੁਣ 800 ਰੁਪਿਆ ਕਿਸਾਨਾਂ ਨੂੰ ਪੰਜਾਬ ਸਰਕਾਰ ਦੇਵੇਗੀ। ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਉੱਚ ਸਿੱਖਿਆ ਦੇ ਕੇ ਆਤਮ ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ‘ਚੋਂ ਰੇਤ, ਕੇਬਲ ਅਤੇ ਸ਼ਰਾਬ ਦੀ ਚੋਰੀ ਰੋਕਣੀ ਪਵੇਗੀ ਅਤੇ ਇਸ ਦੇ ਨਾਲ ਹੀ ਪੰਜਾਬ ਦਾ ਖਜ਼ਾਨਾ ਭਰੇਗਾ।
ਵਿਰੋਧੀਆਂ ‘ਤੇ ਵੀ ਕੱਸੇ ਤੰਜ
ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਬਾਦਲਾਂ ਅਤੇ ਅਰਵਿੰਦ ਕੇਜਰੀਵਾਲ ‘ਤੇ ਵੀ ਤੰਜ ਕੱਸੇ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਸਿਰਫ ਗੱਪਾਂ ਮਾਰਦਾ ਹੈ ਅਤੇ ਕੇਜਰੀਵਾਲ ਵੀ ਲੋਕਾਂ ਨਾਲ ਝੂਠ ਬੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੀਜੇ-ਸਾਲੇ (ਮਜੀਠੀਆ-ਸੁਖਬੀਰ) ਦੀ ਜੋੜੀ ਕਦੇ ਵੀ ਪੰਜਾਬ ਦੀ ਸੱਤਾ ‘ਚ ਨਹੀਂ ਆ ਸਕਦੀ। ਇਸ ਮੌਕੇ ਨਵਜੋਤ ਸਿੱਧੂ ਨੇ ਕਿਹਾ ਕਿ ਕੇਜਰੀਵਾਲ ਪੰਜਾਬ ‘ਚ ਆ ਕੇ ਵੱਡੇ-ਵੱਡੇ ਵਾਅਦੇ ਅਤੇ ਦਾਅਵੇ ਕਰ ਰਹੇ ਹਨ ਪਰ ਦਿੱਲੀ ਦੀ ਜਨਤਾ ਲਈ ਉਨ੍ਹਾਂ ਨੇ ਕੁੱਝ ਨਹੀਂ ਕੀਤਾ ਹੈ, ਜਿਸ ਤੋਂ ਉਨ੍ਹਾਂ ਦੇ ਝੂਠ ਦਾ ਸਾਫ਼ ਪਤਾ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਜਨਤਾ ਨੂੰ ਉਸ ਵਿਅਕਤੀ ਨੂੰ ਆਉਣ ਵਾਲੇ 5 ਸਾਲਾਂ ਲਈ ਚੁਣਨਾ ਪਵੇਗਾ, ਜੋ ਉਨ੍ਹਾਂ ਦੇ ਹੱਕਾਂ ਦੀ ਰਾਖੀ ਕਰ ਸਕੇ।

Leave a Reply

Your email address will not be published. Required fields are marked *