ਪੰਜਾਬੀ ਫਿਲਮੀ ਖੇਤਰ ‘ਚ ਹੁਣ ਬਹੁਤ ਕੁਝ ਨਵਾਂ ਅਤੇ ਵੱਖਰਾ ਵੇਖਣ ਨੂੰ ਮਿਲ ਰਿਹਾ ਹੈ। ਹਰ ਹਫਤੇ ਕਿਸੇ ਨਾ ਕਿਸੇ ਨਵੇਂ ਵਿਸ਼ੇ ਨੂੰ ਲੈ ਕੇ ਫਿਲਮਾਂ ਰਿਲੀਜ਼ ਹੋ ਰਹੀਆਂ ਹਨ। ਕਾਮੇਡੀ ਭਰਪੂਰ ਵਾਲੇ ਵਿਸ਼ਿਆਂ ਤੋਂ ਹੱਟ ਕੇ ਨਵੇਂ ਨਵੇਂ ਵਿਸ਼ਿਆਂ ਦਾ ਰੁਝਾਨ ਲਗਾਤਾਰ ਵੱਧ ਰਿਹਾ ਹੈ। ਇਸੇ ਰੁਝਾਨ ਤਹਿਤ ਇੱਕ ਨਵੇਂ ਅਤੇ ਬਿਲਕੁੱਲ ਵੱਖਰੇ ਵਿਸ਼ੇ ‘ਤੇ ਅਧਾਰਿਤ ਫ਼ਿਲਮ ‘ਤੀਜਾ ਪੰਜਾਬ’ ਵੀ ਆਗਾਮੀ 3 ਦਸੰਬਰ 2021 ਨੂੰ ਵਿਸ਼ਵਪੱਧਰੀ ਰਿਲੀਜ਼ ਹੋਣ ਜਾ ਰਹੀ ਹੈ।‘ਗੋਰਿਆਂ ਨੂੰ ਦਫਾ ਕਰੋ, ਅੰਗਰੇਜ਼, ਲਵ ਪੰਜਾਬ’ ਫ਼ਿਲਮਾਂ ਦੇ ਕਹਾਣੀਕਾਰ ਅਤੇ ‘ਲਾਹੋਰੀਏ’, ਭੱਜੋ ਵੀਰੋ ਵੇ, ਲੌਂਗ ਲਾਚੀ, ਜੋੜੀ ਫ਼ਿਲਮਾਂ ਦਾ ਲੇਖਕ-ਨਿਰਦੇਸ਼ਕ ਅੰਬਰਦੀਪ ਸਿੰਘ ਇਹ ਪੰਜਾਬੀ ਫ਼ਿਲਮ ਲੈ ਕੇ ਆ ਰਿਹਾ ਹਨ। ਇਸ ਫਿਲਮ ਦੀ ਕਹਾਣੀ ਨੂੰ ਅੰਬਰਦੀਪ ਸਿੰਘ ਨੇ ਬਹੁਤ ਹੀ ਗੰਭੀਰਤਾ ਨਾਲ ਲਿਖਿਆ ਹੈ ।ਅੰਬਰਦੀਪ ਪ੍ਰੋਡਕਸ਼ਨ ਅਤੇ ਓਮ ਜੀ ਸਟਾਰ ਸਟੂਡੀਓ ਦੀ ਪੇਸ਼ਕਸ ਇਸ ਫਿਲਮ ‘ਚ ਅੰਬਰਦੀਪ ਬਤੌਰ ਨਾਇਕ ਅਦਾਕਾਰਾ ‘ਨਿਮਰਤ ਖਹਿਰਾ’ ਨਾਲ ਨਜ਼ਰ ਆਵੇਗੀ। ਫ਼ਿਲਮ ਵਿਚ ਇੰਨ੍ਹਾਂ ਤੋਂ ਇਲਾਵਾ ‘ਅਦਿਤੀ ਸ਼ਰਮਾ’, ‘ਕਰਮਜੀਤ ਅਨਮੋਲ’, ‘ਹਰਦੀਪ ਗਿੱਲ’, ‘ਨਿਰਮਲ ਰਿਸ਼ੀ’, ‘ਗੁਰਪ੍ਰੀਤ ਕੌਰ ਭੰਗ, ‘ਬੀ. ਐਨ. ਸ਼ਰਮਾ’, ‘ਬਲਵਿੰਦਰ ਬੁਲਟ’, ‘ਸੁਖਵਿੰਦਰ ਰਾਜ’, ‘ਗੁਰਤੇਜ ਸਿੰਘ’ ਅਤੇ ‘ਇੰਦਰਜੋਤ’ ਨੇ ਵੀ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ। ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਕਿਸਾਨੀ ਸੰਘਰਸ਼ ਨਾਲ ਜੁੜੀ ਇੱਕ ਵੱਖਰੀ ਕਿਸਮ ਦੀ ਪਰਿਵਾਰਕ ਕਹਾਣੀ ਹੈ। ਇਸ ਫ਼ਿਲਮ ਰਾਹੀਂ ਕਿਸਾਨੀ ਨਾਲ ਜੁੜੇੇ ਹਰੇਕ ਪਹਿਲੂ ਨੂੰ ਵਿਖਾਇਆ ਗਿਆ ਹੈ। ਅੰਬਰਦੀਪ ਨੇ ਕਿਹਾ ਕਿ ਫ਼ਿਲਮ ਦੀ ਕਹਾਣੀ ਮਨੋਰੰਜਨ ਦੇ ਨਾਲ-ਨਾਲ ਸਮਾਜਿਕ ਮੁੱਦਿਆਂ ਪ੍ਰਤੀ ਵੀ ਗੰਭੀਰ ਹੋਵੇਗੀ। ਫਿਲਮ ਦਾ ਗੀਤ-ਸੰਗੀਤ ਕਹਾਣੀ ਅਨੁਸਾਰ ਢੁੱਕਵਾਂ ਹੈ। ਵਿਸ਼ੇ ਬਾਰੇ ਗੱਲ ਕਰਦਿਆਂ ਅੰਬਰਦੀਪ ਨੇ ਕਿਹਾ ਕਿ ਉਹ ਵੀ ਇੱਕ ਕਿਸਾਨ ਦਾ ਪੁੱਤ ਹੈ। ਧਰਤੀ ਸਾਡੀ ਮਾਂ ਹੈ ਜੋ ਅੰਨ ਪੈਦਾ ਕਰਕੇ ਆਪਣੇ ਪੁੱਤਰਾਂ ਦਾ ਢਿੱਡ ਭਰਦੀ ਹੈ।ਹਰੇਕ ਕਲਾਕਾਰ ਆਪਣੇ ਆਪਣੇ ਮਾਧਿਅਮ ਜ਼ਰੀਏ ਇਸ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ। ਇਸ ਮੁੱਦੇ ਬਾਰੇ ਗੱਲ ਕਰਨ ਲਈ ਸਿਨਮਾ ਵੀ ਇਕ ਅਹਿਮ ਪਲੇਟਫਾਰਮ ਹੈ। ਸੋ ਇਹ ਫਿਲਮ ਬਣਾਉਣਾ ਮੇਰਾ ਕਿਸਾਨੀ ਸੰਘਰਸ਼ ਚ ਯੋਗਦਾਨ ਪਾਉਣਾ ਹੀ ਹੈ।ਅੰਬਰਦੀਪ ਦੀ ਸੋਚ ਅਤੇ ਜ਼ਜਬੇ ਨੂੰ ਸਲਾਮ ਕਰਨਾ ਬਣਦਾ ਹੈ ਕਿ ਅੱਜ ਵਪਾਰਕ ਸਿਨੇਮੇ ਦੀ ਭੀੜ ਵਿਚ ਉਸਨੇ ਕਿਸਾਨੀ ਪਰਿਵਾਰ ਦੀ ਤਰਾਸ਼ਦੀ ਨੂੰ ਪਰਦੇ ਤੇ ਪੇਸ਼ ਕਰਨ ਜਾ ਰਹੇ ਹਨ।
ਹਰਜਿੰਦਰ ਸਿੰਘ ਜਵੰਦਾ