ਦਸੂਹਾ, 25 ਨਵੰਬਰ (ਦਲਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਦਸੂਹਾ ਦਾ ਦੌਰਾ ਕੀਤਾ ਗਿਆ, ਜਿੱਥੇ ‘ਗੱਲ ਪੰਜਾਬ ਦੀ’ ਤਹਿਤ ਉਨ੍ਹਾਂ ਵੱਲੋਂ ਰੈਲੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਜਿੱਥੇ ਪੰਜਾਬ ਸਰਕਾਰ ਨੂੰ ਲਪੇਟੇ ਵਿਚ ਲਿਆ, ਉਥੇ ਹੀ ਆਮ ਆਦਮੀ ਪਾਰਟੀ ’ਤੇ ਵੀ ਨਿਸ਼ਾਨੇ ਸਾਧੇ। ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀ ਗਈ ਤੀਜੀ ਗਾਰੰਟੀ ਕਿ 18 ਸਾਲ ਤੋਂ ਉਪਰ ਦੀਆਂ ਔਰਤਾਂ ਦੇ ਖਾਤਿਆਂ ਵਿਚ 1000 ਰੁਪਇਆ ਦੇਵਾਂਗੇ, ਦੇ ਬਿਆਨ ‘ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਵਿਚ ਤਾਂ ਇਕ ਰੁਪਇਆ ਨਹੀਂ ਦਿੱਤਾ , ਕਿਸੇ ਵੀ ਔਰਤ ਦੇ ਖਾਤੇ ਵਿਚ ਕੇਜਰੀਵਾਲ ਨੇ ਕੋਈ ਪੈਸੇ ਨਹੀਂ ਪਾਏ, ਉਹ ਪੰਜਾਬ ਵਿਚ ਕੀ ਦੇਵੇਗਾ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਤਾਂ ਆਪਣਾ ਘਰ ਹੈ। ਅਕਾਲੀ ਦਲ ਅਤੇ ਬਸਪਾ ਇਕੱਠੇ ਹਨ। ਕਾਂਗਰਸੀ ਜਿੰਨੇ ਮਰਜ਼ੀ ਡਰਾਮੇ ਕਰ ਲੈਣ, ਇਕ ਮਹੀਨੇ ਬਾਅਦ ਜਿਹੜੀ ਪੁਲਸ ਖੜੀ ਹੈ, ਉਨ੍ਹਾਂ ਦੇ ਹੱਥਾਂ ਵਿਚ ਡਾਂਗ ਹੋਵੇਗੀ ਤਾਂ ਕਾਂਗਰਸੀ ਸੜਕਾਂ ‘ਤੇ ਭੱਜਦੇ ਹੋਣਗੇ। ਸਾਡੇ ਇਕੋ ਮਕਸਦ ਹੈ, ਸਾਰੇ ਧਰਮਾਂ ਦਾ ਸਨਮਾਨ ਕਰਨਾ ਅਤੇ ਸਾਰਿਆਂ ਨੂੰ ਇਕੱਠੇ ਰੱਖਣਾ।