ਮੋਗਾ ’ਚ ਪੁਲਸ ਨੇ ਬੇਰਹਿਮੀ ਨਾਲ ਕੁੱਟੇ ਸਫ਼ਾਈ ਕਰਮਚਾਰੀ

police/nawanpunjab.com

ਮੋਗਾ,17 ਨਵੰਬਰ (ਦਲਜੀਤ ਸਿੰਘ)- ਸਫਾਈ ਸੇਵਕ ਯੂਨੀਅਨ ਅਤੇ ਸੀਵਰੇਜ ਕਰਮਚਾਰੀ ਮਿਊਂਸੀਪਲ ਇੰਪਲਾਈਜ਼ ਫੈੱਡਰੇਸ਼ਨ ਵੱਲੋਂ ਆਪਣੀਆਂ ਮੰਗਾਂ ਸਬੰਧੀ ਕੀਤੀ ਗਈ ਹੜਤਾਲ ਦੌਰਾਨ ਜਿੱਥੇ ਸਫਾਈ ਸੇਵਕਾਂ ਨੇ ਸ਼ਹਿਰ ’ਚੋਂ ਕੂੜਾ ਚੁੱਕਣਾ ਬੰਦ ਕਰ ਦਿੱਤਾ ਹੈ, ਉਥੇ ਦੂਜੇ ਪਾਸੇ ਹਲਕਾ ਵਿਧਾਇਕ ਡਾ. ਹਰਜੋਤ ਕਮਲ ਦੀ ਪਤਨੀ ਵੱਲੋਂ ਅਤੇ ਕਾਂਗਰਸੀ ਕੌਂਸਲਰਾਂ ਵੱਲੋਂ ਲੱਗੇ ਕੂੜੇ ਦੇ ਢੇਰ ਚੁਕਵਾਉਣ ਦਾ ਯਤਨ ਕੀਤਾ ਤਾਂ ਹੜ੍ਹਤਾਲੀ ਸਫਾਈ ਸੇਵਕਾਂ ਅਤੇ ਸੀਵਰੇਜ ਕਰਮਚਾਰੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ, ਜਿਸ ਕਾਰਣ ਸਥਿਤੀ ਤਣਾਅਪੂਰਨ ਹੋ ਗਈ ਅਤੇ ਮੌਕੇ ’ਤੇ ਪੁੱਜ ਕੇ ਪੁਲਸ ਅਧਿਕਾਰੀਆਂ ਨੇ ਸਥਿਤੀ ’ਤੇ ਕਾਬੂ ਪਾਇਆ। ਦੱਸ ਦਈਏ ਕਿ ਬੀਤੇ ਦਿਨੀਂ ਸਫਾਈ ਕਰਮਚਾਰੀਆਂ ਅਤੇ ਪੁਲਸ ਵਿਚਾਲੇ ਧੱਕਾਮੁੱਕੀ ਹੋ ਗਈ। ਪੁਲਸ ਵਲੋਂ ਸਫਾਈ ਕਰਮਚਾਰੀਆਂ ਨੂੰ ਡੰਡੇ ਨਾਲ ਮਾਰ-ਮਾਰ ਕੇ ਬਾਜ਼ਾਰ ’ਚੋਂ ਬਾਹਰ ਕੱਢ ਦਿੱਤਾ ਗਿਆ। ਇੱਥੇ ਦੱਸਣਯੋਗ ਹੈ ਕਿ ਸਫਾਈ ਕਰਮਚਾਰੀਆਂ ਵਲੋਂ ਹੜਤਾਲ ਕੀਤੀ ਜਾ ਰਹੀ ਸੀ। ਬਾਜ਼ਾਰ ’ਚ ਕੂੜੇ ਦੇ ਢੇਰ ਲੱਗੇ ਹੋਏ ਸਨ। ਪੂਰੇ ਬਾਜ਼ਾਰ ਵਲੋਂ ਹੜਤਾਲ ਦੇ ਵਿਰੁੱਧ ਜਾ ਕੇ ਬਾਜ਼ਾਰ ਬੰਦ ਦਾ ਐਲਾਨ ਕਰ ਦਿੱਤਾ ਗਿਆ। ਇਸ ਤੋਂ ਬਾਅਦ ਨਗਰ ਨਿਗਮ ਦੇ ਕਈ ਅਧਿਕਾਰੀ ਉੱਥੇ ਪੁੱਜਦੇ ਹਨ ਪਰ ਕੋਈ ਮਸਲੇ ਦਾ ਹੱਲ ਨਾ ਨਿਕਲਦਾ ਦੇਖ ਕੇ ਉਨ੍ਹਾਂ ਵਲੋਂ ਮੌਕੇ ’ਤੇ ਪੁਲਸ ਬੁਲਾ ਲਈ ਜਾਂਦੀ ਹੈ। ਕੂੜੇ ਦੇ ਢੇਰ ਹਟਾਉਣ ਲਈ ਨਿਗਮ ਵਲੋਂ ਆਪਣੇ ਪੱਧਰ ’ਤੇ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਸ ਵਿਚਕਾਰ ਪੁਲਸ ਨਾਲ ਝੜਪ ਹੋ ਜਾਂਦੀ ਹੈ।

ਜ਼ਿਕਰਯੋਗ ਹੈ ਕਿ ਜਦੋਂ ਨਗਰ ਨਿਗਮ ਦੇ ਮੇਅਰ, ਡਿਪਟੀ ਮੇਅਰ ਅਤੇ ਨਗਰ ਨਿਗਮ ਕਮਿਸ਼ਨਰ ਅਤੇ ਵਿਧਾਇਕ ਡਾ. ਹਰਜੋਤ ਕਮਲ ਦੀ ਪਤਨੀ ਰਾਜਿੰਦਰ ਕੌਰ ਅਤੇ ਸ਼ਹਿਰ ਦੇ ਸਾਰੇ ਕਾਂਗਰਸੀ ਕੌਂਸਲਰਾਂ ਵੱਲੋਂ ਮੋਗਾ ਦੇ ਚੌਕ ਸ਼ੇਖਾਂ ਵਾਲਾ ਦੇ ਨਜ਼ਦੀਕ ਲੱਗੇ ਕੂੜੇ ਦੇ ਢੇਰ ਨੂੰ ਚੁਕਵਾਇਆ ਜਾ ਰਿਹਾ ਸੀ ਤਾਂ ਦੂਸਰੇ ਪਾਸੇ ਸਫਾਈ ਸੇਵਕ ਯੂਨੀਅਨ ਅਤੇ ਸੀਵਰੇਜ ਕਰਮਚਾਰੀ ਯੂਨੀਅਨ ਮਿਉਂਸੀਪਲ ਇੰਪਲਾਈਜ਼ ਫੈੱਡਰੇਸ਼ਨ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਜਦੋਂ ਇਸ ਗੱਲ ਦੀ ਭਿਣਕ ਪਈ ਤਾਂ ਉਨ੍ਹਾਂ ਵੱਲੋਂ ਵਿਧਾਇਕ ਡਾ. ਹਰਜੋਤ ਕਮਲ, ਪੁਲਸ ਪ੍ਰਸ਼ਾਸਨ, ਨਗਰ ਨਿਗਮ ਮੇਅਰ ਅਤੇ ਕੌਂਸਲਰਾਂ ਵਿਰੁੱਧ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਮਿਉਂਸੀਪਲ ਇੰਪਲਾਈਜ਼ ਫੈੱਡਰੇਸ਼ਨ ਦੇ ਪ੍ਰਧਾਨ ਸੇਵਕ ਰਾਮ ਫੋਜ਼ੀ ਅਤੇ ਜਨਰਲ ਸਕੱਤਰ ਰਵੀ ਸਾਰਵਾਨ, ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੁਖਪਾਲ ਸੋਂਦਾ ਰਾਜੂ, ਸੀਵਰੇਜ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸਤਪਾਲ ਅੰਨਜਾਨ ਅਤੇ ਸਰਪ੍ਰਸਤ ਸਤਪਾਲ ਚਾਂਵਰੀਆ ਭਾਰਤ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਫਾਈ ਸੇਵਕ ਯੂਨੀਅਨ ਅਤੇ ਸੀਵਰੇਜ ਕਰਮਚਾਰੀ ਯੂਨੀਅਨ ਵੱਲੋਂ ਉਨ੍ਹਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਸਬੰਧੀ ਕਈ ਦਿਨਾਂ ਤੋਂ ਹੜ੍ਹਤਾਲ ਚੱਲ ਰਹੀ ਸੀ ਪਰ ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਦੀ ਪਤਨੀ ਅਤੇ ਨਗਰ ਨਿਗਮ ਮੇਅਰ, ਨਗਰ ਨਿਗਮ ਕਮਿਸ਼ਨਰ ਅਤੇ ਸਾਰੇ ਕੌਂਸਲਰਾਂ ਵੱਲੋਂ ਕੂੜੇ ਦੇ ਢੇਰ ਚੁਕਵਾਏ ਜਾ ਰਹੇ ਸਨ। ਜਦੋਂ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਕੂੜੇ ਦੇ ਢੇਰ ਚੁਕਵਾਉਣੇ ਬੰਦ ਕਰਨ ਲਈ ਕਿਹਾ, ਉਨ੍ਹਾਂ ਵੱਲੋਂ ਕੂੜੇ ਦੇ ਢੇਰ ਉਸੇ ਤਰ੍ਹਾਂ ਹੀ ਚੁਕਵਾਏ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਜਾਇਜ਼ ਮੰਗਾਂ ਸਬੰਧੀ ਕੋਈ ਧਿਆਨ ਨਹੀਂ ਦਿੱਤਾ ਗਿਆ ਤਾਂ ਇਹ ਸੰਘਰਸ਼ ਪੰਜਾਬ ਲੇਵਲ ’ਤੇ ਲਿਜਾਇਆ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਅਤੇ ਨਗਰ ਨਿਗਮ ਪ੍ਰਸ਼ਾਸਨ ਦੀ ਹੋਵੇਗੀ।

Leave a Reply

Your email address will not be published. Required fields are marked *