ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਦਾ ਜਾਇਜ਼ਾ ਲੈਣ ਮੋਗਾ ਪੁੱਜੇ ਪੰਜਾਬ ਦੇ ਮੁੱਖ ਚੋਣ ਅਫ਼ਸਰ

vidhan/nawanpunjab.com

ਮੋਗਾ/ ਚੰਡੀਗੜ, 30 ਅਕਤੂਬਰ (ਦਲਜੀਤ ਸਿੰਘ)- ਜ਼ਿਲ੍ਹਾ ਮੋਗਾ, ਫਿਰੋਜਪੁਰ ਅਤੇ ਫਰੀਦਕੋਟ ’ਚ ਵਿਧਾਨ ਸਭਾ ਚੋਣਾਂ 2022 ਨੂੰ ਸੁਰੱਖਿਅਤ, ਸੁਤੰਤਰ, ਨਿਰਵਿਘਨ, ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐਸ. ਕਰੁਣਾ ਰਾਜੂ ਮੋਗਾ ਪੁੱਜੇ। ਉਨ੍ਹਾਂ ਨੇ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਉਕਤ ਜ਼ਿਲ੍ਹਿਆਂ ਦੇ ਜ਼ਿਲ੍ਹਾ ਚੋਣ ਅਫ਼ਸਰਾਂ ਅਤੇ ਜ਼ਿਲ੍ਹਾ ਪੁਲਸ ਮੁਖੀਆ ਸਮੇਤ ਜ਼ਿਲ੍ਹਿਆਂ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਰਿਟਰਨਿੰਗ ਅਧਿਕਾਰੀਆਂ ਅਤੇ ਸਹਾਇਕ ਇਲੈਕਟ੍ਰੋਲ ਅਧਿਕਾਰੀਆਂ ਨਾਲ ਬੈਠਕ ਕਰਕੇ ਸਮੁੱਚੇ ਚੋਣ ਪ੍ਰਬੰਧਾਂ ਦੀ ਸਮੀਖਿਆ ਕੀਤੀ। ਇਸ ਬੈਠਕ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਐਸ. ਕਰੁਣਾ ਰਾਜੂ ਨੇ ਕਿਹਾ ਕਿ ਪੰਜਾਬ ‘ਚ ਵਿਧਾਨ ਸਭਾ ਚੋਣਾਂ-2022 ਕਰਵਾਉਣ ਲਈ ਚੋਣ ਕਮਿਸ਼ਨ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਹਰੇਕ ਯੋਗ ਵੋਟਰ, ਵੋਟਰ ਸੂਚੀ ਵਿੱਚ ਸ਼ਾਮਲ ਹੋਵੇ ਅਤੇ ਖਾਸ ਕਰਕੇ ਤੀਜੇ ਲਿੰਗ ਵਾਲੇ ਹਰ ਵੋਟਰ ਨੂੰ ਵੋਟਰ ਸੂਚੀ ਦਾ ਹਿੱਸਾ ਬਣਾਉਣ ਲਈ ਹਰ ਪਿੰਡ, ਵਾਰਡ ਅਤੇ ਬੂਥ ਪੱਧਰ ‘ਤੇ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ। ਜਦੋਂਕਿ ਰਾਜ ਅੰਦਰ 3 ਲੱਖ ਨੌਜਵਾਨ ਨਵੇਂ ਵੋਟਰ ਬਣੇ ਹਨ ਅਤੇ ਇਨ੍ਹਾਂ ਨੂੰ ਮਾਣ ਨਾਲ ਚੋਣ ਪ੍ਰਕਿਰਿਆ ਦਾ ਹਿੱਸਾ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਸ ਵਾਰ ਰਾਜ ਦੇ 5 ਲੱਖ ਸੀਨੀਅਰ ਸਿਟੀਜਨ ਵੋਟਰਾਂ ਲਈ ਪੋਸਟਲ ਬੈਲੇਟ ਪੇਪਰ ਵਰਤੇ ਜਾਣਗੇ। ਜਦੋਂਕਿ ਮਹਿਲਾ ਵੋਟਰਾਂ ਲਈ ਇਸ ਵਾਰ ‘ਤੁਹਾਡੀ ਵੋਟ ਤੁਹਾਡੀ ਤਾਕਤ ਤੇ ਤੁਹਾਡਾ ਮਾਣ’ ਨਾਂ ਦੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਵੋਟਰਾਂ ਨੂੰ ਦਸਤੀ ਵੋਟਰ ਸਲਿਪਾਂ ਜਾਰੀ ਕਰਨ ਦੇ ਨਾਲ ਨਾਲ ਈ-ਵੋਟਰ ਸਲਿਪ ਵੀ ਜਾਰੀ ਕੀਤੀ ਜਾਵੇਗੀ। ਇਹ ਵੋਟਰ ਦੇ ਫੋਨ ’ਤੇ ਮਿਲੇਗੀ।

ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਤਰ੍ਹਾਂ ਚੋਣ ਪ੍ਰਕਿਰਿਆ ਨਾਲ ਜੁੜਨ ਲਈ ਵੋਟਰ ਹੈਲਪ ਲਾਈਨ ਐਪ ਨੂੰ ਡਾਊਨਲੋਡ ਕਰਨ। ਇਸ ਐਪ ਉੱਤੇ ਹਰ ਤਰ੍ਹਾਂ ਦੀ ਜਾਣਕਾਰੀ ਉਪਲਬਧ ਹੋਵੇਗੀ। ਇੱਕ ਸਵਾਲ ਦੇ ਜਵਾਬ ‘ਚ ਡਾ. ਰਾਜੂ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੇ ਕੰਮ ਨੂੰ ਤੇਜ਼, ਸੁਚਾਰੂ, ਪਾਰਦਰਸ਼ੀ ਅਤੇ ਸਮੇਂ ਸਿਰ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿਛਲੀਆਂ ਚੋਣਾਂ ‘ਚ ਰਾਜ ਅੰਦਰ ਅਰਧ ਸੁਰੱਖਿਆ ਬਲਾਂ ਦੀਆਂ 525 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਸਨ। ਇਸ ਵਾਰ ਵੀ ਲੋੜ ਮੁਤਾਬਿਕ ਕੰਪਨੀਆਂ ਦੀ ਮੰਗ ਕੀਤੀ ਜਾਵੇਗੀ। ਇਕ ਸਵਾਲ ਦੇ ਜਵਾਬ ‘ਚ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਸੰਵੇਦਨਸ਼ੀਲ ਬੂਥਾਂ ਦੀ ਸ਼ਨਾਖ਼ਤ ਲਈ ਹਰ ਨਜ਼ਰੀਏ ਤੋਂ ਸਮੀਖਿਆ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਹੋਰ ਦੱਸਿਆ ਕਿ ਭਗੌੜੇ ਮੁਜ਼ਰਮਾਂ, ਪੈਰੋਲ ਜੰਪਰਾਂ, ਗੜਬੜੀ ਕਰਨ ਵਾਲਿਆਂ, ਨਸ਼ਾ ਤਸਕਰਾਂ ਅਤੇ ਗ਼ੈਰਜਮਾਨਤੀ ਵਰੰਟਾਂ ਵਾਲਿਆਂ ‘ਤੇ ਤਿੱਖੀ ਨਜ਼ਰ ਰੱਖਦਿਆਂ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਵਾਰ ਹਰੇਕ ਬੂਥ ਦੀ 100 ਫੀਸਦੀ ਵੀਡੀਓਗਰਾਫੀ ਅਤੇ ਵੈਬ ਕਾਸਟਿੰਗ ਕੀਤੀ ਜਾਵੇਗੀ।

Leave a Reply

Your email address will not be published. Required fields are marked *