ਅੰਮ੍ਰਿਤਸਰ, 28 ਅਕਤੂਬਰ (ਦਲਜੀਤ ਸਿੰਘ)- ਬਿਕਰਮ ਸਿੰਘ ਮਜੀਠੀਆ ਨੇ ਮਾਝਾ ਇਲਾਕੇ ਵਿੱਚ ਉਨ੍ਹਾਂ ਬਾਸਮਤੀ ਉਤਪਾਦਕਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਕੀਤੀ, ਜਿਨ੍ਹਾਂ ਦੀ ਹਜ਼ਾਰਾਂ ਏਕੜ ਫ਼ਸਲ ਪਿਛਲੇ ਦਿਨੀਂ ਗੜ੍ਹੇਮਾਰੀ ਕਾਰਨ ਪੂਰੀ ਤਰ੍ਹਾਂ ਤਬਾਹ ਹੋ ਗਈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਬਿਕਰਮ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਇਕ ਦਰਜਨ ਤੋਂ ਵੱਧ ਪਿੰਡਾਂ ਵਿਚ ਬਾਸਮਤੀ ਦੀ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ ਪਰ ਹਾਲੇ ਤੱਕ ਸਰਕਾਰ ਨੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਕੋਈ ਕਾਰਵਾਈ ਨਹੀਂ ਕੀਤੀ।
ਉਨ੍ਹਾਂ ਨੇ ਕਿਹਾ ਕਿ ਅਜਿਹਾ ਇਸ ਕਰਕੇ ਹੋਇਆ ਹੈ, ਕਿਉਂਕਿ ਮਾਝਾ ਇਲਾਕੇ ਦੇ ਕਾਂਗਰਸੀ ਪਾਰਟੀ ਦੀਆਂ ਅੰਦਰੂਨੀ ਲੜਾਈ ਵਿਚ ਰੁੱਝੇ ਹਨ ਅਤੇ ਖੇਤਰ ਤੋਂ ਦੋ ਡਿਪਟੀ ਮੁੱਖ ਮੰਤਰੀਆਂ ਸਮੇਤ ਛੇ ਮੰਤਰੀ ਹੋਣ ਦੇ ਬਾਵਜੂਦ ਕਿਸਾਨ ਮੁਸ਼ਕਲਾਂ ਝੱਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬਾਸਮਤੀ ਉਤਪਾਦਕਾਂ ਨੁੰ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਮਿਲਣਾ ਚਾਹੀਦਾ ਹੈ। ਇਹ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਜ਼ਮੀਨ ਮਾਲਕਾਂ ਦੇ ਨਾਲ ਨਾਲ ਜ਼ਮੀਨ ਠੇਕੇ ’ਤੇ ਲੈਣ ਵਾਲਿਆਂ ਨੂੰ ਵੀ ਮੁਆਵਜ਼ਾ ਮਿਲੇ।
ਮਜੀਠੀਆ ਨੇ ਕਿਹਾ ਕਿ ਬਾਸਮਤੀ ਦੀ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ, ਕਿਉਂਕਿ ਉਹ ਪੱਕ ਗਈ ਸੀ ਅਤੇ ਵਾਢੀ ਵਾਸਤੇ ਤਿਆਰ ਸੀ। ਉਨ੍ਹਾਂ ਨੇ ਕਿਹਾ ਕਿ ਇਸ ਕਾਰਨ ਗੜ੍ਹੇਮਾਰੀ ਨਾਲ ਦਾਣਾ ਟੁੱਟ ਕੇ ਹੇਠਾਂ ਡਿੱਗ ਪਿਆ ਅਤੇ ਵਾਢੀ ਵਾਸਤੇ ਕੁਝ ਨਹੀਂ ਰਿਹਾ। ਉਨ੍ਹਾਂ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਮਹਿੰਗੇ ਭਾਅ ਜ਼ਮੀਨ ਠੇਕੇ ’ਤੇ ਲੈਣ ਅਤੇ ਡੀਜ਼ਲ ਸਮੇਤ ਖੇਤੀ ਲਾਗਤ ਵੱਧ ਹੋਣ ਕਾਰਨ ਬਹੁਤ ਦਬਾਅ ਹੇਠ ਹੈ। ਇਸ ਸਾਲ ਡੀ.ਏ.ਪੀ. ਖਾਦ ਦੀ ਕਾਲਾਬਾਜ਼ੀ ਕਾਰਨ ਮੁਸ਼ਕਲਾਂ ਹੋਰ ਵੱਧ ਗਈਆਂ ਹਨ।
ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਬੇਪਰਵਾਹ ਸਰਕਾਰ ਦੇ ਖੋਖਲੇ ਵਾਅਦਿਆਂ ਕਾਰਨ ਮੁਸ਼ਕਿਲਾਂ ਝੱਲਣੀਆਂ ਪਈਆਂ ਹਨ। ਜਿਹੜੇ ਕਿਸਾਨਾਂ ਦੀ ਸਫਲ ਪਹਿਲਾਂ ਤਬਾਹ ਹੋ ਗਈ ਸੀ। ਉਨ੍ਹਾਂ ਨੂੰ ਗਿਰਦਾਵਰੀ ਹੋਣ ਤੋਂ ਬਾਅਦ ਵੀ ਮੁਆਵਜ਼ਾ ਨਹੀਂ ਮਿਿਲਆ। ਜਿਹੜੇ ਕਿਸਾਨਾਂ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਨਰਮੇ ਦੀ ਫ਼ਸਲ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਤਬਾਹ ਹੋਣ ’ਤੇ ਨਿੱਜੀ ਤੌਰ ’ਤੇ ਹੌਂਸਲਾ ਦੁਆਇਆ ਸੀ, ਉਨ੍ਹਾਂ ਨੂੰ ਵੀ ਮੁਆਵਜ਼ੇ ਦਾ ਇਕ ਧੇਲਾ ਨਹੀਂ ਮਿਿਲਆ।
ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਦੇ ਰਾਜਕਾਲ ਵਿਚ ਲੋਕਾਂ ਦੇ ਮੁੱਦੇ ਪਿੱਛੇ ਕਰ ਦਿੱਤੇ ਗਏ ਹਨ। ਮੁੱਖ ਮੰਤਰੀ ਨੂੰ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੇਸ਼ ਕੀਤੀ ਉਦਾਹਰਣ ਅਨੁਸਾਰ ਚੱਲਣਾ ਚਾਹੀਦਾ ਹੈ। ਜਦੋਂ ਬੀਤੇ ਸਮੇਂ ਵਿਚ ਕੀਟ ਪਤੰਗਾਂ ਦੇ ਹਮਲੇ ਕਾਰਨ ਨਰਮੇ ਦੀ ਫ਼ਸਲ ਤਬਾਹ ਹੁੰਦੀ ਸੀ ਤਾਂ ਉਦੋਂ ਅਕਾਲੀ ਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਵੱਲੋਂ ਕਿਸਾਨਾਂ ਦੇ ਨਾਲ ਨਾਲ ਖੇਤ ਮਜ਼ਦੂਰਾਂ ਨੂੰ ਵੀ ਮੁਆਵਜ਼ਾ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਹੁਣ ਵੀ ਉਨ੍ਹਾਂ ਖੇਤ ਮਜ਼ਦੂਰਾਂ ਨੁੰ ਮੁਆਵਜ਼ਾ ਮਿਲਣਾ ਚਾਹੀਦਾ ਹੈ, ਜਿਨ੍ਹਾਂ ਨੇ ਨਰਮੇ ਦੀ ਫ਼ਸਲ ਤਬਾਹ ਹੋਣ ਕਾਰਨ ਆਪਣਾ ਰੋਜ਼ਗਾਰ ਗੁਆ ਲਿਆ ਹੈ।
ਮਜੀਠੀਆ ਨੇ ਕਿਹਾ ਕਿ ਕਿਸਾਨਾਂ ਨੂੰ ਮੌਜੂਦਾ ਸਰਕਾਰ ਵਿਚ ਆਪਣਾ ਬਣਦਾ ਹੱਕ ਨਹੀਂ ਮਿਲ ਰਿਹਾ। ਕਾਂਗਰਸ ਸਰਕਾਰ ਪੂਰਨ ਕਰਜ਼ਾ ਮੁਆਫ਼ੀ ਦਾ ਵਾਅਦਾ ਲਾਗੂ ਕਰਨ ਵਿਚ ਫੇਲ੍ਹ ਹੋ ਗਈ ਹੈ। ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਵੀ ਕੀਤੇ ਵਾਅਦੇ ਅਨੁਸਾਰ ਮੁਆਵਜ਼ਾ ਜਾਂ ਨੌਕਰੀਆਂ ਨਹੀਂ ਮਿਲੀਆਂ। ਉਨ੍ਹਾਂ ਨੇ ਕਿਹਾ ਕਿ ਹੁਣ ਵੀ ਸਰਕਾਰ ਫ਼ਸਲ ਦੇ ਨੁਕਸਾਨ ਲਈ ਤੁਰੰਤ ਮੁਆਵਜ਼ਾ ਦੇਣ ਵਿਚ ਨਾਕਾਮ ਹੋਈ ਹੈ ਤੇ ਇਸ ਤੋਂ ਵੱਧ ਕਿਸਾਨ ਵਿਰੋਧ ਕੀ ਹੋ ਸਕਦਾ ਹੈ ?