ਗੁਰਦਾਸਪੁਰ, 25 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਕਾਂਗਰਸ ਵਿਚ ਧੜੇਬੰਦੀ ਲੋਕਾਂ ਨੂੰ ਮਹਿੰਗੀ ਪੈ ਰਹੀ ਹੈ ਕਿਉਂਕਿ ਕਾਂਗਰਸ ਦੇ ਸਾਰੇ ਸੀਨੀਅਰ ਆਗੂਆਂ ਨੇ ਆਪੋ ਆਪਣੇ ਧੜੇ ਬਣਾ ਲਏ ਹਨ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੂਰੀ ਤਰ੍ਹਾਂ ਪ੍ਰਭਾਵਹੀਣ ਹੋ ਗਏ ਹਨ।
ਅੱਜ ਇਥੇ ਸੀਨੀਅਰ ਆਗੂ ਗੁਰਬਚਨ ਸਿੰਘ ਬੱਬੇਹਾਲੀ ਦੇ ਨਾਲ ਕਈ ਪ੍ਰੋਗਰਾਮਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਹੁਣ ਰੰਧਾਵਾ ਗਰੁੱਪ, ਤ੍ਰਿਪਤ ਰਾਜਿੰਦਰ ਬਾਜਵਾ ਗਰੁੱਪ, ਸੁਨੀਲ ਜਾਖੜ ਗਰੁੱਪ ਤੇ ਚਰਨਜੀਤ ਚੰਨੀ ਗਰੁੱਪ ਵਿਚ ਵੰਡੀ ਗਈ ਹੈ। ਉਹਨਾਂ ਕਿਹਾ ਕਿ ਇਹਨਾਂ ਸਭ ਤੋਂ ਉਪਰੰਤ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦਾ ਗਰੁੱਪ ਹੈ ਜਿਸਨੂੰ ਕੋਈ ਵੀ ਆਪਣਾ ਬੌਸ ਮੰਨਣ ਲਈ ਤਿਆਰ ਨਹੀਂ। ਉਹਨਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਸਰਕਾਰ ਚਲ ਨਹੀਂ ਸਕਦੀ ਤੇ ਇਸੇ ਲਈ ਮੁੱਖ ਮੰਤਰੀ ਸਿਰਫ ਐਲਾਨ ਕਰਨ ਤੱਕ ਸੀਮਤ ਰਹਿ ਗਏ ਹਨ ਤੇ ਕਿਸੇ ਵੀ ਰਾਹਤ ਲਈ ਲੋਕਾਂ ਨੁੰ ਇਕ ਵੀ ਰੁਪਿਆ ਜਾਰੀ ਨਹੀਂ ਕੀਤਾ ਗਿਆ।