ਜਲੰਧਰ, 15 ਜੂਨ (ਦਲਜੀਤ ਸਿੰਘ)- ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਾਂਗਰਸ ਦੇ ਐੱਮ. ਪੀ. ਰਵਨੀਤ ਸਿੱਘ ਬਿੱਟੂ ਦੇ ਉਸ ਬਿਆਨ ਦਾ ਤਿੱਖਾ ਪ੍ਰਤੀਕਰਮ ਦਿੱਤਾ ਹੈ, ਜਿਸ ਵਿਚ ਉਨ੍ਹਾਂ ਅਕਾਲੀ ਦਲ ਵਲੋਂ ਦੋ ਪੰਥਕ ਸੀਟਾਂ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਚਮਕੌਰ ਸਾਹਿਬ ਸੀਟ ਬਸਪਾਂ ਨੂੰ ਦੇਣ ’ਤੇ ਸਵਾਲ ਚੁੱਕੇ ਸਨ। ਗੜ੍ਹੀ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਉਸ ਪਰਿਵਾਰ ਵਿਚੋਂ ਹੈ, ਜਿਸ ਨੇ ਪੰਜਾਬੀਆਂ ਦਾ ਖੂਨ ਡੋਲਿਆ ਸੀ। ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਦੇ ਦਾਦੇ ਬੇਅੰਤ ਸਿੰਘ ਅਤੇ ਕੇ. ਪੀ. ਐੱਸ. ਦੀ ਜੋੜੀ ਨੇ ਪੰਜਾਬ ਵਿਚ ਵੱਡੀ ਕਤਲੋਗਾਰਤ ਕੀਤੀ ਸੀ। ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਦੀਆਂ 7 ਪੁਸ਼ਤਾਂ ਵੀ ਪੰਜਾਬੀਆਂ ਦਾ ਮੁੱਲ ਨਹੀਂ ਮੋੜ ਸਕਦੀਆਂ। ਬਸਪਾ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਧਰਮਾਂ ਦੇ ਲੋਕਾਂ ਨੂੰ ਇਕੋ ਬਾਟੇ ਵਿਚ ਅੰਮ੍ਰਿਤ ਛਕਾ ਕੇ ਸੰਦੇਸ਼ ਦਿੱਤਾ ਸੀ ਕਿ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ। ਪਰ ਰਵਨੀਤ ਬਿੱਟੂ ਦਾ ਦੋ ਸੀਟਾਂ ਸ੍ਰੀ ਅਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਨੂੰ ਪਵਿੱਤਰ ਆਖ ਕੇ ਬਾਕੀ ਸਾਰੇ ਪੰਜਾਬ ਨੂੰ ਅਪਵਿੱਤਰ ਦੱਸਣਾ ਉਨ੍ਹਾਂ ਦੀ ਛੋਟੀ ਸੋਚ ਨੂੰ ਦਰਸਾਉਂਦਾ। ਜਸਬੀਰ ਸਿੰਘ ਗੜ੍ਹੀ ਨੇ ਕਿਹਾ ਕਿ ਜਿਸ ਲਿਹਾਜ਼ ਨਾਲ ਰਵਨੀਤ ਬਿੱਟੂ ਨੇ ਇਹ ਬਿਆਨ ਦਿੱਤਾ ਹੈ, ਉਸ ਤੋਂ ਸਾਫ ਲੱਗਦਾ ਹੈ ਕਿ ਉਹ ਦਲਿਤਾਂ ਨੂੰ ਪਵਿੱਤਰ ਨਹੀਂ ਮੰਨਦੇ ਹਨ।
ਗੜ੍ਹੀ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਵਲੋਂ ਅੱਜ ਆਪਣੇ ਲੀਗਲ ਸੈੱਲ ਰਾਹੀਂ ਬਠਿੰਡਾ ਵਿਚ ਬਿੱਟੂ ਖ਼ਿਲਾਫ਼ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਉੁਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਰਵਨੀਤ ਬਿੱਟੂ ਨੂੰ ਕਾਂਗਰਸ ਵਿਚੋਂ ਨਹੀਂ ਕੱਢਿਆ ਜਾਂਦਾ ਅਤੇ ਕੈਪਟਨ ਅਮਰਿੰਦਰ ਸਿੰਘ ਇਸ ਬਿਆਨ ਲਈ ਮੁਆਫ਼ੀ ਨਹੀਂ ਮੰਗਦੇ ਤਾਂ ਬਹੁਜਨ ਸਮਾਜ ਪਾਰਟੀ ਸਾਰੇ ਕਾਂਗਰਸੀਆਂ ਦੇ ਘਰ ਪਹੁੰਚ ਕਰੇਗੀ ਅਤੇ ਸਾਰੇ ਦਲਿਤ ਸਮਾਜ ਨੂੰ ਕਾਂਗਰਸ ਖ਼ਿਲਾਫ਼ ਲਾਮਬੰਦ ਕਰੇਗੀ। ਇਸ ਦੇ ਨਾਲ ਗੜ੍ਹੀ ਨੇ ਕਿਹਾ ਕਿ ਪੰਜਾਬ ਭਰ ਵਿਚ ਕਾਂਗਰਸ ਅਤੇ ਰਵਨੀਤ ਬਿੱਟੂ ਦੇ ਪੁਤਲੇ ਫੂਕ ਕੇ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਰਵਨੀਤ ਬਿੱਟੂ ਵਲੋਂ ਪਾਰਟੀ ਲੀਡਰਸ਼ਿਪ ’ਤੇ 200 ਕਰੋੜ ਦੇ ਦੋਸ਼ ਲਗਾਏ ਗਏ ਹਨ, ਜੇਕਰ ਰਵਨੀਤ ਬਿੱਟੂ ਇਕ ਰੁਪਏ ਦਾ ਦੋਸ਼ ਵੀ ਸਿੱਧ ਕਰ ਦਿੰਦੇ ਹਨ ਤਾਂ ਉਹ ਆਪਣੀ ਸ਼ਿਕਾਇਤ ਵਾਪਸ ਲੈ ਲੈਣਗੇ ਨਹੀਂ ਤਾਂ ਉਹ ਸਾਰੇ ਦਲਿਤ ਸਮਾਜ ਤੋਂ ਮੁਆਫੀ ਲਈ ਤਿਆਰ ਰਹਿਣ।