ਸੂਬੇ ਦੇ ਨੌਜਵਾਨਾਂ ਦੀ ਸਮਰੱਥਾ ਨੂੰ ਉਸਾਰੂ ਢੰਗ ਨਾਲ ਵਰਤਣ ‘ਤੇ ਜ਼ੋਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਕਿ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਨੌਜਵਾਨ ਨਿਰਣਾਇਕ ਸਾਬਤ ਹੋਣਗੇ।
ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਪੰਜਾਬ ਯੂਥ ਕਾਂਗਰਸ ਦੇ ਇੱਕ ਵਫ਼ਦ ਨੇ ਮੁੱਖ ਮੰਤਰੀ ਦਫ਼ਤਰ ਵਿਖੇ ਸ. ਚੰਨੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਚੋਣਾਂ ਦੀਆਂ ਤਿਆਰੀਆਂ ਵਿੱਚ ਪੂਰੀ ਤਰ੍ਹਾਂ ਸ਼ਾਮਲ ਕਰਨ ਹਿੱਤ ਉਤਸ਼ਾਹਤ ਕਰਨ ਲਈ ਸੂਬੇ ਵਿੱਚ ਜ਼ਮੀਨੀ ਪੱਧਰ ‘ਤੇ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੇ ਸਪੱਸ਼ਟ ਵੇਰਵਿਆਂ ਨਾਲ 90 ਦਿਨਾਂ ਦਾ ਖ਼ਾਕਾ ਤਿਆਰ ਕੀਤਾ ਜਾਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਬੂਥ ਪੱਧਰ ‘ਤੇ ਹਰੇਕ ਵਿਧਾਨ ਸਭਾ ਹਲਕੇ ਵਿੱਚ 11 ਮੈਂਬਰੀ ਕਮੇਟੀ ਬਣਾਈ ਜਾਣੀ ਚਾਹੀਦੀ ਹੈ। ਸ. ਚੰਨੀ ਨੇ ਅੱਗੇ ਕਿਹਾ, “ਕਿਸਾਨ ਮੁੱਦਿਆਂ ਉਤੇ ਅਧਾਰਿਤ ਜਲਦ ਹੀ ਪੰਜਾਬ ਤੋਂ ਦਿੱਲੀ ਤੱਕ ਇੱਕ ਸਾਈਕਲ ਯਾਤਰਾ ਕੱਢੀ ਜਾਵੇਗੀ, ਜਿਸ ਵਿੱਚ 10,000 ਨੌਜਵਾਨ ਹਿੱਸਾ ਲੈਣਗੇ।”