ਜਲੰਧਰ, ,21 ਅਕਤੂਬਰ (ਦਲਜੀਤ ਸਿੰਘ)- ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅੱਜ ਪੁਲਸ ਯਾਦਗਾਰੀ ਦਿਵਸ ਮੌਕੇ ਜਲੰਧਰ ਵਿਖੇ ਪਹੁੰਚੇ। ਪੁਲਸ ਯਾਦਗਾਰੀ ਦਿਵਸ ਮੌਕੇ ਸੂਬਾ ਪੱਧਰੀ ਸਮਾਗਮ ਪੀ. ਏ. ਪੀ. ਜਲੰਧਰ ਛਾਉਣੀ ਕੈਂਟ ਵਿਖੇ ਕਰਵਾਇਆ ਗਿਆ, ਜਿੱਥੇ ਮੁੱਖ ਮਹਿਮਾਨ ਵਜੋਂ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਪੁਲਸ ਜਵਾਨਾਂ ਨੂੰ ਸਲਾਮੀ ਦਿੱਤੀ। ਇਥੇ ਦੱਸਣਯੋਗ ਹੈ ਕਿ ਸਾਲ 1959 ’ਚ ਚੀਨ ਦੇ ਬਾਰਡਰ ਲੱਦਾਖ ’ਚ 21 ਅਕਤੂਬਰ ਨੂੰ ਹੀ ਚੀਨ ਦੀ ਫ਼ੌਜ ਵੱਲੋਂ ਭਾਰਤੀ ਪੁਲਸ ਦੀ ਟੁਕੜੀ ’ਤੇ ਹਮਲਾ ਕਰ ਦਿੱਤਾ ਗਿਆ ਸੀ।
ਇਸ ਦੌਰਾਨ ਪੁਲਸ ਦੇ ਕਈ ਜਵਾਨ ਸ਼ਹੀਦ ਹੋਏ ਸਨ। ਪੁਲਸ ਦੇ ਜਵਾਨਾਂ ਦੀ ਯਾਦ ’ਚ ਹੀ ਇਹ ਦਿਨ ਪੁਲਸ ਯਾਦਗਾਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਪੂਰੇ ਭਾਰਤ ’ਚ ਪੁਲਸ ਹੈੱਡ ਕੁਆਰਟਰਾਂ ’ਤੇ ਇਹ ਦਿਨ ਮਨਾਇਆ ਜਾਂਦਾ ਹੈ। ਇਸ ਦੌਰਾਨ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਤ ਵੀ ਕੀਤਾ ਗਿਆ।