ਚੰਡੀਗੜ੍ਹ, 19 ਅਕਤੂਬਰ (ਦਲਜੀਤ ਸਿੰਘ)- ਨਵੇਂ ਖੇਤੀਬਾੜੀ ਕਾਨੂੰਨ ਨੂੰ ਰੱਦ ਕਰਨ ਲਈ ਲੰਮੇ ਸਮੇਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਤੋਂ ਵੱਡੀ ਖ਼ਬਰ ਆ ਰਹੀ ਹੈ। ਕਿਸਾਨਾਂ ਦੇ ਅੰਦੋਲਨ ਵਿੱਚ ਇੱਕ ਵੱਡੀ ਫੁੱਟ ਪੈਂਦੀ ਜਾਪਦੀ ਹੈ। ਇਸ ਦਾ ਕਾਰਨ ਨਿਹੰਗ ਸਿੰਘ ਦੁਆਰਾ ਬੁਲਾਈ ਜਾ ਰਹੀ ਮਹਾਪੰਚਾਇਤ ਹੈ। ਕਿਸਾਨ ਅੰਦੋਲਨ ਦੇ ਤਾਜ਼ਾ ਅਪਡੇਟ ਅਨੁਸਾਰ, ਨਿਹੰਗਾਂ ਨੇ 27 ਅਕਤੂਬਰ ਨੂੰ ਮਹਾਪੰਚਾਇਤ ਬੁਲਾਈ ਹੈ।
ਮਹਾਪੰਚਾਇਤ ‘ਚ ਵੱਡਾ ਫੈਸਲਾ ਲਿਆ ਜਾ ਸਕਦੈ
ਕੁੰਡਲੀ ਸਰਹੱਦ ‘ਤੇ ਨੌਜਵਾਨਾਂ ਦੇ ਬੇਰਹਿਮੀ ਨਾਲ ਕਤਲ ਤੋਂ ਬਾਅਦ, ਹੁਣ ਨਿਹੰਗਾਂ ਨੇ ਬਹੁਮਤ ਦੇ ਅਧਾਰ ‘ਤੇ ਇਹ ਫੈਸਲਾ ਕਰਨ ਦੀ ਤਿਆਰੀ ਕਰ ਲਈ ਹੈ ਕਿ ਉਹ ਧਰਨੇ ਵਾਲੀ ਥਾਂ ਉਤੇ ਰੁਕਣਗੇ ਜਾਂ ਵਾਪਸ ਆਉਣਗੇ। ਇਸ ਲਈ ਨਿਹੰਗਾਂ ਨੇ ਰਾਏਸ਼ੁਮਾਰੀ ਕਰਵਾਉਣ ਦਾ ਫੈਸਲਾ ਕੀਤਾ ਹੈ।
ਨਿਹੰਗ 27 ਅਕਤੂਬਰ ਨੂੰ ਕੁੰਡਲੀ ਸਰਹੱਦ ‘ਤੇ ਮਹਾਪੰਚਾਇਤ ਕਰਨਗੇ। ਇਸ ਨੂੰ ਧਾਰਮਿਕ ਏਕਤਾ ਦਾ ਨਾਂ ਦਿੱਤਾ ਗਿਆ ਹੈ। ਇਸ ਬੈਠਕ ਵਿੱਚ ਜਨਮਤ ਸੰਗ੍ਰਹਿ ਦੇ ਅਧਾਰ ਉਤੇ ਫੈਸਲਾ ਲਿਆ ਜਾਵੇਗਾ ਕਿ ਉਨ੍ਹਾਂ ਨੂੰ ਖੇਤੀ ਵਿਰੋਧੀ ਕਾਨੂੰਨ ਦੇ ਵਿਰੋਧ ਤੋਂ ਪਿੱਛੇ ਹਟਣਾ ਚਾਹੀਦਾ ਹੈ ਜਾਂ ਨਹੀਂ। ਇਸ ਦੇ ਨਾਲ ਹੀ ਪੁਲਿਸ ਦੀ ਕਾਰਵਾਈ ‘ਤੇ ਵੀ ਚਰਚਾ ਹੋਵੇਗੀ।
ਮਹਾਂਪੰਚਾਇਤ ਵਿੱਚ ਹਰਿਆਣਾ ਤੇ ਪੰਜਾਬ ਤੋਂ ਆਉਣਗੇ ਨਿਹੰਗ
ਨਿਹੰਗ ਬਾਬਾ ਰਾਜਾ ਰਾਮ ਸਿੰਘ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਦੀ ਸੁਰੱਖਿਆ ਲਈ ਕੁੰਡਲੀ ਸਰਹੱਦ ‘ਤੇ ਬੈਠੇ ਹਨ। ਉਹ ਹਮੇਸ਼ਾ ਪ੍ਰਦਰਸ਼ਨਾਂ ਵਿੱਚ ਕਿਸਾਨਾਂ ਤੇ ਸਿੱਖਾਂ ਦੀ ਰੱਖਿਆ ਕਰਦੇ ਆਏ ਹਨ। ਹੁਣ ਸਿੱਖ ਭਾਈਚਾਰੇ ਦੇ ਬੁੱਧੀਜੀਵੀਆਂ ਤੋਂ ਇਲਾਵਾ 27 ਅਕਤੂਬਰ ਨੂੰ ਹੋਣ ਵਾਲੀ ਮਹਾਪੰਚਾਇਤ ਵਿੱਚ ਸੰਗਤ ਵੀ ਹਿੱਸਾ ਲਵੇਗੀ। ਇਸ ਵਿੱਚ ਹਰਿਆਣਾ ਤੇ ਪੰਜਾਬ ਦੇ ਨਿਹੰਗ ਸ਼ਾਮਲ ਹੋਣਗੇ। ਨਿਹੰਗ ਵੱਲੋਂ ਸੱਦੀ ਮਹਾਪੰਚਾਇਤ ਵਿੱਚ ਜੋ ਵੀ ਫੈਸਲਾ ਲਿਆ ਜਾਵੇਗਾ, ਉਸ ਨੂੰ ਪੂਰੀ ਸੰਗਤ ਮੰਨੇਗੀ।
ਇਸ ਦੇ ਨਾਲ ਹੀ ਨਿਹੰਗ ਬਾਬਾ ਰਾਜਾਰਾਮ ਸਿੰਘ ਨੇ ਕਿਹਾ ਕਿ ਅਸੀਂ ਭੱਜਣ ਵਾਲਿਆਂ ਵਿੱਚ ਨਹੀਂ ਹਾਂ। ਅਸੀਂ ਜੋ ਕੀਤਾ ਹੈ, ਉਸ ਨੂੰ ਅਸੀਂ ਖੁੱਲ੍ਹ ਕੇ ਮੰਨ ਰਹੇ ਹਾਂ। ਅਦਾਲਤ ਵਿੱਚ ਸਾਡੇ ਸਾਥੀਆਂ ਨੇ ਮੰਨਿਆ ਕਿ ਅਸੀਂ ਕਤਲ ਕੀਤਾ ਹੈ। ਅਸੀਂ ਆਪਣੇ ਆਪ ਨੂੰ ਪੁਲਿਸ ਦੇ ਸਪੁਰਦ ਕਰ ਦਿੱਤਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਐਸਕੇਐਮ ਨੇਤਾ ਯੋਗੇਂਦਰ ਯਾਦਵ ‘ਤੇ ਜਵਾਬੀ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਯੋਗਿੰਦਰ ਯਾਦਵ ਨੂੰ ਐਸਕੇਐਮ ਨੇ ਸਿਰ ‘ਤੇ ਚੜ੍ਹਾ ਕੇ ਰੱਖਿਆ ਹੈ। ਉਹ ਭਾਜਪਾ ਤੇ ਆਰਐਸਐਸ ਦਾ ਆਦਮੀ ਹੈ। ਯਾਦਵ ਉਨ੍ਹਾਂ ਦੇ ਸਾਹਮਣੇ ਆ ਕੇ ਜਵਾਬ ਦੇਵੇ। ਸੰਯੁਕਤ ਕਿਸਾਨ ਮੋਰਚੇ ਨੇ ਪੂਰੇ ਮਾਮਲੇ ਨੂੰ ਜਾਣੇ ਬਗੈਰ ਆਪਣੇ ਆਪ ਨੂੰ ਇਸ ਤਰ੍ਹਾਂ ਦੂਰ ਕਰ ਲਿਆ ਜਿਵੇਂ ਨਿਹੰਗ ਅਪਰਾਧੀ ਹੋਣ।
ਉਨ੍ਹਾਂ ਕਿਹਾ ਕਿ ਪੁਲਿਸ ਨੇ ਧਰਮ ਦੇ ਮਾਮਲੇ ਨੂੰ ਸਮਝੇ ਬਗੈਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਸੀਂ ਨਾ ਤਾਂ ਧਰਮ ਨਾਲ ਬੇਅਦਬੀ ਬਰਦਾਸ਼ਤ ਕਰਾਂਗੇ ਤੇ ਨਾ ਹੀ ਕਿਸੇ ਦੀ ਮਨਮਾਨੀ ਦਖਲਅੰਦਾਜ਼ੀ। ਇਨ੍ਹਾਂ ਸਾਰੇ ਮੁੱਦਿਆਂ ਦਾ ਫੈਸਲਾ 27 ਨੂੰ ਕੀਤਾ ਜਾਵੇਗਾ। ਜੇ ਸੰਗਤ ਫੈਸਲਾ ਕਰੇਗੀ ਤਾਂ ਨਿਹੰਗ ਵਾਪਸ ਚਲੇ ਜਾਣਗੇ।