ਬਾਬਾ ਸੁੱਚਾ ਸਿੰਘ ਹਸਪਤਾਲ ‘ਚ ਦਾਖਲ, ਜਥੇਦਾਰ ਗੜਗੱਜ ਨੇ ਕੀਤੀ ਸਿਹਤਯਾਬੀ ਦੀ ਅਰਦਾਸ

ਅੰਮ੍ਰਿਤਸਰ: ਕਾਰ ਸੇਵਾ ਗੁਰਦੁਆਰਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲੇ ਮਹਾਂਪੁਰਸ਼ ਸੰਤ ਬਾਬਾ ਸੁੱਚਾ ਸਿੰਘ ਜੋ ਕਿ ਪਿਛਲੇ ਕੁਝ ਸਮੇਂ ਤੋਂ ਸਿਹਤ ਠੀਕ ਨਾ ਹੋਣ ਕਾਰਨ ਹਸਪਤਾਲ ਵਿੱਚ ਦਾਖ਼ਲ ਹਨ। ਬਾਬਾ ਸੁੱਚਾ ਸਿੰਘ ਦਾ ਹਸਪਤਾਲ ਪਹੁੰਚ ਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਹਾਲ ਜਾਣਿਆ। ਜਥੇਦਾਰ ਗੜਗੱਜ ਨੇ ਬਾਬਾ ਸੁੱਚਾ ਸਿੰਘ ਦੀ ਸਿਹਤ ਵਿੱਚ ਜਲਦੀ ਸੁਧਾਰ ਆਵੇ, ਇਸ ਲਈ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਉਨ੍ਹਾਂ ਨੂੰ ਤੰਦਰੁਸਤੀ ਬਖ਼ਸ਼ਣ ਅਤੇ ਉਹ ਆਪਣੀਆਂ ਸੇਵਾਵਾਂ ਪਹਿਲਾਂ ਵਾਂਗ ਮੁੜ ਸ਼ੁਰੂ ਕਰ ਸਕਣ। ਜਥੇਦਾਰ ਨੇ ਕਿਹਾ ਕਿ ਗੜਸ਼ੰਕਰ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਦੀ ਉਹ ਸੜਕ, ਜਿਸ ਦੇ ਨਿਰਮਾਣ ਲਈ ਸਰਕਾਰ ਵੱਲੋਂ ਹੁਣ ਤੱਕ ਕੋਈ ਕਦਮ ਨਹੀਂ ਚੁੱਕਿਆ ਗਿਆ, ਉਸ ਨੂੰ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਦੇ ਸੰਤ ਬਾਬਾ ਸੁੱਚਾ ਸਿੰਘ ਅਤੇ ਸੰਤ ਬਾਬਾ ਸਤਨਾਮ ਸਿੰਘ ਦੀ ਰਹਿਨੁਮਾਈ ਵਿੱਚ ਤਿਆਰ ਕੀਤਾ ਜਾ ਰਿਹਾ ਹੈ। ਸਿੱਖ ਕੌਮ ਲਈ ਉਨ੍ਹਾਂ ਦੀ ਇਹ ਸੇਵਾ ਲਾਮਿਸਾਲ ਹੈ। ਆਓ ਸਭ ਮਿਲ ਕੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਉਨ੍ਹਾਂ ਨੂੰ ਜਲਦੀ ਚੰਗੀ ਸਿਹਤ ਬਖ਼ਸ਼ਣ ਅਤੇ ਸੇਵਾ ਦਾ ਇਹ ਪਵਿੱਤਰ ਕਾਰਜ ਅਡੋਲ ਤਰੀਕੇ ਨਾਲ ਚੱਲਦਾ ਰਹੇ।

Leave a Reply

Your email address will not be published. Required fields are marked *