ਚੰਡੀਗੜ੍ਹ, 12 ਅਕਤੂਬਰ (ਦਲਜੀਤ ਸਿੰਘ)- ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਵੱਲੋਂ ਅੱਜ ਕੋਵਿਡ-19 ਮਹਾਂਮਾਰੀ ਦੇ ਸਿਖਰ ਦੌਰਾਨ ਕੋਰੋਨਾ ਵਾਇਰਸ ਦੇ ਪਸਾਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਵਿੱਚ ਅਹਿਮ ਭੁਮਿਕਾ ਨਿਭਾਉਣ ਵਾਲੀ ਕੋਵਿਡ ਰੋਗੀ ਟਰੈਕਿੰਗ ਟੀਮ ਦੇ 91 ਮੈਂਬਰਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਰੋਹ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਥੋਰੀ ਨੇ ਕੋਵਿਡ ਰੋਗੀ ਟਰੈਕਿੰਗ ਅਧਿਕਾਰੀ ਨਵਨੀਤ ਕੌਰ ਬੱਲ ਦੀ ਅਗਵਾਈ ਵਾਲੀ ਇਸ ਟੀਮ ਵੱਲੋਂ ਕੀਤੇ ਗਏ ਸ਼ਾਨਦਾਰ ਯਤਨਾਂ ਦੀ ਸ਼ਲਾਘਾ ਕੀਤੀ, ਜਿਸ ਸਦਕਾ ਵਾਇਰਸ ਦੀ ਰੋਕਥਾਮ ਲਈ ਰਾਹ ਪੱਧਰਾ ਹੋਇਆ। ਉਨ੍ਹਾਂ ਪਿਛਲੇ ਅਤੇ ਮੌਜੂਦਾ ਸਾਲ ਵਿੱਚ ਕੋਵਿਡ-19 ਦੇ ਮੁਸ਼ਕਲ ਹਾਲਾਤ ਵਿੱਚ ਤੁਰੰਤ ਜਵਾਬਦੇਹ ਢੰਗ ਨਾਲ ਆਪਣੀ ਡਿਊਟੀ ਨੂੰ ਪੂਰੀ ਲਗਨ ਨਾਲ ਨਿਭਾਉਣ ਲਈ ਟੀਮ ਮੈਂਬਰਾਂ ਦੀ ਪ੍ਰਸ਼ੰਸਾ ਵੀ ਕੀਤੀ। ਸ਼੍ਰੀ ਥੋਰੀ ਨੇ ਕਿਹਾ ਕਿ ਮਰੀਜ਼ਾਂ ਦੀ ਨਿਗਰਾਨੀ ਕਰਨਾ ਕੋਈ ਸੌਖਾ ਕੰਮ ਨਹੀਂ ਸੀ ਪਰ ਟਰੈਕਿੰਗ ਟੀਮ ਦੇ ਮੈਂਬਰਾਂ ਵੱਲੋਂ ਦਿਖਾਇਆ ਸਮਰਪਣ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਲਈ ਹੋਰਨਾਂ ਲੋਕਾਂ ਨੂੰ ਇਸ ਘਾਤਕ ਵਾਇਰਸ ਦਾ ਸ਼ਿਕਾਰ ਹੋਣ ਤੋਂ ਬਚਾਉਣ ਵਿੱਚ ਬਹੁਤ ਮਦਦਗਾਰ ਸਾਬਤ ਹੋਇਆ।
ਪ੍ਰਸ਼ੰਸਾ ਪੱਤਰ ਦਿੰਦਿਆਂ ਸ਼੍ਰੀ ਥੋਰੀ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਕਰਮਚਾਰੀਆਂ ਵੱਲੋਂ ਮਰੀਜ਼ਾਂ ਨੂੰ ਘਰੇਲੂ ਇਕਾਂਤਵਾਸ ਅਧੀਨ ਲਗਾਤਾਰ 10 ਦਿਨਾਂ ਤੱਕ ਟਰੈਕ ਅਤੇ ਮਾਨੀਟਰ ਕੀਤਾ ਗਿਆ। ਇਸ ਤੋਂ ਇਲਾਵਾ ਲੈਵਲ-2 ਅਤੇ ਲੈਵਲ -3 ਦੇ ਮਰੀਜ਼ਾਂ ਨੂੰ ਵੀ ਟਰੈਕ ਕੀਤਾ ਗਿਆ। ਕੋਵਿਡ ਮਰੀਜ਼ਾਂ ਦੀ ਨਿਯਮਤ ਜਾਂਚ ਲਈ ਇਨ੍ਹਾਂ ਵੱਲੋਂ ਸਿਹਤ ਵਿਭਾਗ ਦੇ ਨਾਲ ਆਪਣੀਆਂ ਟੀਮਾਂ ਵਿੱਚ ਪ੍ਰਭਾਵਸ਼ਾਲੀ ਤਾਲਮੇਲ ਨੂੰ ਵੀ ਯਕੀਨੀ ਬਣਾਇਆ ਗਿਆ, ਜਿਸ ਸਦਕਾ ਕੋਵਾ ਐਪ ਵਿੱਚ ਡਾਟਾ ਮੋਡੀਊਲ ਨੂੰ ਅਪਡੇਟ ਕਰਨ ਤੋਂ ਇਲਾਵਾ ਕਈ ਕੀਮਤੀ ਜਾਨਾਂ ਨੂੰ ਬਚਾਇਆ ਗਿਆ। ਉਨ੍ਹਾਂ ਗਰਭਵਤੀ ਔਰਤਾਂ ਅਤੇ ਬਜ਼ੁਰਗ ਨਾਗਰਿਕਾਂ ਵੱਲ ਵਿਸ਼ੇਸ਼ ਧਿਆਨ ਦੇਣ ਦੇ ਨਾਲ-ਨਾਲ ਹਰੇਕ ਵਿਅਕਤੀ ਦਾ ਰਿਕਾਰਡ ਅਪ-ਟੂ-ਡੇਟ ਬਣਾਉਣ ਲਈ ਸੀਪੀਟੀਓਜ਼ ਦੇ ਯਤਨਾਂ ਦੀ ਸ਼ਲਾਘਾ ਵੀ ਕੀਤੀ। ਇਸ ਦੌਰਾਨ, ਸੀ.ਪੀ.ਟੀ.ਓ. ਨਵਨੀਤ ਕੌਰ ਬੱਲ ਨੇ ਕਿਹਾ ਕਿ ਟੀਮ ਦੇ ਮੈਂਬਰਾਂ ਵੱਲੋਂ ਕ੍ਰਮਵਾਰ ਲੋੜਵੰਦਾਂ ਅਤੇ ਮਰੀਜ਼ਾਂ ਨੂੰ ਰਾਸ਼ਨ ਅਤੇ ਫ਼ਤਿਹ ਕਿੱਟਾਂ ਦੀ ਸਮੇਂ ਸਿਰ ਵੰਡ ਲਈ ਵਧੀਆ ਢੰਗ ਨਾਲ ਤਾਲਮੇਲ ਨੂੰ ਯਕੀਨੀ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਟੀਮਾਂ ਵੱਲੋਂ ਨਿਭਾਈ ਗਈ ਸ਼ਾਨਦਾਰ ਭੂਮਿਕਾ ਸਦਕਾ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦੇ ਮਾੜੇ ਪ੍ਰਭਾਵਾਂ ਨੂੰ ਨਿਯੰਤਰਣ ਵਿੱਚ ਰੱਖਿਆ ਜਾ ਸਕਿਆ।