ਮਹਿਲ ਕਲਾਂ : ਜ਼ਿਲ੍ਹਾ ਬਰਨਾਲਾ ਦੇ ਪਿੰਡ ਠੁੱਲੀਵਾਲ ਦੇ ਜੰਮਪਲ ਸਿੱਖ ਰੈਜੀਮੈਂਟ ਮਦਰ ਯੂਨਿਟ 27 ਨਾਲ ਸਬੰਧਤ ਨਾਇਕ ਜਗਸੀਰ ਸਿੰਘ (ਉਮਰ 35 ਸਾਲ) ਪੁੱਤਰ ਸੁਖਦੇਵ ਸਿੰਘ ਨੇ ਸ਼੍ਰੀਨਗਰ ਦੇ ਬੜਗਾਮ ਜ਼ਿਲ੍ਹੇ ਵਿਚ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਹੈ।
ਇਸ ਸਬੰਧੀ ਸਾਂਝੀ ਕਰਦਿਆਂ ਜਾਣਕਾਰੀ ਪਿੰਡ ਦੇ ਸਮਾਜ ਸੇਵੀ ਹਰਤੇਜ ਸਿੰਘ ਸਿੱਧੂ, ਸ਼ਹੀਦ ਦੇ ਜੀਜਾ ਕੁਲਦੀਪ ਸਿੰਘ, ਮਾਮੇ ਦੇ ਪੁੱਤਰ ਪਰਮਿੰਦਰ ਸਿੰਘ ਅਤੇ ਮਾਸੀ ਦੇ ਪੁੱਤਰ ਸੁਖਦੀਪ ਸਿੰਘ ਨੇ ਦੱਸਿਆ ਕਿ ਨਾਇਕ ਜਗਸੀਰ ਸਿੰਘ ਨੇ 12ਵੀਂ ਜਮਾਤ ਤੱਕ ਦੀ ਪੜ੍ਹਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਠੁੱਲੀਵਾਲ ਤੋਂ ਪੂਰੀ ਕੀਤੀ ਸੀ। ਇਸ ਤੋਂ ਬਾਅਦ ਉਹ 24 ਮਾਰਚ 2011 ਨੂੰ ਪਟਿਆਲਾ ਵਿਖੇ ਭਾਰਤੀ ਫੌਜ ਵਿਚ ਭਰਤੀ ਹੋਇਆ ਸੀ। ਰਾਂਚੀ (ਰਾਮਗੜ੍ਹ) ਵਿਖੇ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ, 2012 ਵਿਚ ਉਸ ਦੀ ਪਹਿਲੀ ਡਿਊਟੀ ਜ਼ਿਲ੍ਹਾ ਕਪੂਰਥਲਾ ਵਿਖੇ ਲੱਗੀ ਸੀ। ਇਸ ਤੋਂ ਬਾਅਦ ਉਹ ਜੰਮੂ-ਕਸ਼ਮੀਰ, ਅੰਮ੍ਰਿਤਸਰ ਅਤੇ ਉਤਰਾਖੰਡ ਸਮੇਤ ਕਈ ਸਥਾਨਾਂ ’ਤੇ ਆਪਣੀਆਂ ਸੇਵਾਵਾਂ ਨਿਭਾ ਚੁੱਕਿਆ ਸੀ। ਹਾਲ ਹੀ ਵਿਚ ਉਹ ਸ਼੍ਰੀਨਗਰ ਦੇ ਬੜਗਾਮ ਵਿਚ ਤਾਇਨਾਤ ਸੀ, ਜਿੱਥੇ 3 ਨਵੰਬਰ ਦੀ ਸ਼ਾਮ ਲਗਭਗ 5 ਵਜੇ ਡਿਊਟੀ ਦੌਰਾਨ ਸ਼ਹੀਦ ਹੋ ਗਿਆ। ਫ਼ਿਲਹਾਲ ਉਸ ਦੀ ਸ਼ਹਾਦਤ ਬਾਰੇ ਪੂਰੇ ਵੇਰਵੇ ਹਾਸਲ ਨਹੀਂ ਹੋ ਸਕੇ।
