‘ਕਰੋ ਜਾਂ ਮਰੋ’ ! ਨਿਊਜ਼ੀਲੈਂਡ ਖ਼ਿਲਾਫ਼ ਜਿੱਤ ਦਰਜ ਕਰ ਸੈਮੀਫਾਈਨਲ ‘ਚ ਜਗ੍ਹਾ ਪੱਕੀ ਕਰਨ ਉਤਰੇਗੀ ਟੀਮ ਇੰਡੀਆ

ਸਪੋਰਟਸ ਡੈਸਕ- ਭਾਰਤੀ ਟੀਮ ਪਿਛਲੇ 3 ਮੈਚਾਂ ਵਿਚ ਹਾਰ ਤੋਂ ਸਬਕ ਲੈ ਕੇ ਵੀਰਵਾਰ ਨੂੰ ਇੱਥੇ ਮਹਿਲਾ ਵਿਸ਼ਵ ਕੱਪ ਵਿਚ ਨਿਊਜ਼ੀਲੈਂਡ ਵਿਰੁੱਧ ਹੋਣ ਵਾਲੇ ਕੁਆਰਟਰ ਫਾਈਨਲ ਵਰਗੇ ਮੁਕਾਬਲੇ ਵਿਚ ਜਿੱਤ ਦਰਜ ਕਰ ਕੇ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕਰਨ ਦੀ ਕੋਸ਼ਿਸ਼ ਕਰੇਗੀ।

ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਜੇਕਰ ਡੀ.ਵਾਈ. ਪਾਟਿਲ ਸਟੇਡੀਅਮ ਦੇ ’ਚ ਨਿਊਜ਼ੀਲੈਂਡ ਦੀ ਟੀਮ ਨੂੰ ਹਰਾ ਦਿੰਦੀ ਹੈ ਤਾਂ ਉਹ ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਵਾਲੀ ਚੌਥੀ ਟੀਮ ਬਣ ਜਾਵੇਗੀ ਪਰ ਜੇਕਰ ਉਹ ਪਿਛਲੇ ਤਿੰਨ ਮੈਚਾਂ ਦੀ ਤਰ੍ਹਾਂ ਗਲਤੀਆਂ ਕਰਦੀ ਹੈ ਤਾਂ ਫਿਰ ਉਹ ਅਗਰ-ਮਗਰ ਦੀ ਸਥਿਤੀ ਵਿਚ ਫਸ ਜਾਵੇਗੀ। ਜੇਕਰ ਭਾਰਤ ਨਿਊਜ਼ੀਲੈਂਡ ਹੱਥੋਂ ਹਾਰ ਜਾਂਦਾ ਹੈ ਤਾਂ ਉਸ ਨੂੰ ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਲਈ ਇੰਗਲੈਂਡ ਦੀ ਨਿਊਜ਼ੀਲੈਂਡ ਵਿਰੁੱਧ ਅਗਲੇ ਮੈਚ ਵਿਚ ਜਿੱਤ ਲਈ ਦੁਆ ਕਰਨੀ ਪਵੇਗੀ ਤੇ ਫਿਰ ਬੰਗਲਾਦੇਸ਼ ਵਿਰੁੱਧ ਆਪਣੇ ਆਖਰੀ ਗਰੁੱਪ ਲੀਗ ਮੈਚ ਵਿਚ ਵੀ ਜਿੱਤ ਹਾਸਲ ਕਰਨੀ ਪਵੇਗੀ। ਆਸਟ੍ਰੇਲੀਆ, ਦੱਖਣੀ ਅਫਰੀਕਾ ਤੇ ਇੰਗਲੈਂਡ ਪਹਿਲਾਂ ਹੀ ਸੈਮੀਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕਰ ਚੁੱਕੇ ਹਨ।

ਭਾਰਤ ਵੀ ਸੈਮੀਫਾਈਨਲ ਵਿਚ ਪਹੁੰਚਣ ਦਾ ਪ੍ਰਮੁੱਖ ਦਾਅਵੇਦਾਰ ਸੀ ਪਰ ਲਗਾਤਾਰ ਤਿੰਨ ਮੈਚ ਗਵਾਉਣ ਕਾਰਨ ਉਸਦੇ ਸਮੀਕਰਣ ਵਿਗੜ ਗਏ ਹਨ। ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਦੋਵਾਂ ਨੇ ਭਾਰਤ ਦੀ ਗੇਂਦਬਾਜ਼ੀ ਦੀ ਕਮਜ਼ੋਰੀ ਨੂੰ ਖੁੱਲ੍ਹ ਕੇ ਉਜਾਗਰ ਕੀਤਾ ਪਰ ਉਸ ਨੂੰ ਸਭ ਤੋਂ ਵੱਡਾ ਝਟਕਾ ਇੰਦੌਰ ਵਿਚ ਇੰਗਲੈਂਡ ਵਿਰੁੱਧ ਲੱਗਾ ਜਿੱਥੇ ਉਸ ਨੂੰ ਇਕ ਸਮੇਂ 54 ਗੇਂਦਾਂ ’ਤੇ 56 ਦੌੜਾਂ ਦੀ ਲੋੜ ਸੀ ਪਰ ਉਹ ਟੀਚੇ ਤੱਕ ਪਹੁੰਚਣ ਵਿਚ ਅਸਫਲ ਰਿਹਾ।

Leave a Reply

Your email address will not be published. Required fields are marked *