ਅਜਨਾਲਾ/ਗੁਰੂ ਕਾ ਬਾਗ- ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਪੰਜਾਬ ਪੁਲਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਜ਼ਿਲਾ ਪੁਲਸ ਮੁਖੀ ਮਨਿੰਦਰ ਸਿੰਘ ਦੀ ਅਗਵਾਈ ’ਚ ਅਜਨਾਲਾ ਪੁਲਸ ਵੱਲੋਂ ਪਿੰਡ ਤੇੜੀ ਦੇ ਖੇਤਾਂ ਵਿਚੋਂ ਭਾਰੀ ਮਾਤਰਾਂ ਵਿਚ ਆਈ. ਈ. ਡੀ., 3 ਹੈਂਡ ਗ੍ਰੇਨੇਡ, ਡੈਟੋਨੇਟਰ, ਰਿਮੋਰਟ ਕੰਟਰੋਲ ਤੇ ਹੋਰ ਸਾਜ਼ੋ ਸਾਮਾਨ ਬਰਾਮਦ ਕਰ ਕੇ ਥਾਣਾ ਅਜਨਾਲਾ ਵਿਖੇ ਮੁਕੱਦਮਾ ਦਰਜ ਕੀਤਾ ਹੈ।
ਜ਼ਿਲਾ ਪੁਲਸ ਮੁਖੀ ਮਨਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਅਜਨਾਲਾ ਦੇ ਐੱਸ. ਐੱਚ. ਓ. ਹਰਚੰਦ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਕਿਸਾਨਾਂ ਨੂੰ ਖੇਤਾਂ ਵਿਚ ਪਰਾਲੀ ਨਾ ਸਾੜਨ ਸੰਬੰਧੀ ਜਾਗਰੂਕ ਕਰ ਰਹੀ ਸੀ ਤਾਂ ਅਚਾਨਕ ਉਨ੍ਹਾਂ ਨੂੰ ਇਕ ਸ਼ੱਕੀ ਬੈਗ ਮਿਲਿਆ, ਜਦੋਂ ਉਕਤ ਬੈਗ ਨੂੰ ਸੁਰੱਖਿਅਤ ਢੰਗ ਨਾਲ ਖੋਲ੍ਹਿਆ ਗਿਆ ਤਾਂ ਉਸ ਵਿਚੋਂ 2 ਕਿੱਲੋ ਆਈ. ਈ. ਡੀ., 3 ਹੈਂਡ ਗ੍ਰੇਨੇਡ, ਡੈਟੋਨੇਟਰ, ਰਿਮੋਰਟ ਕੰਟਰੋਲ ਤੇ ਹੋਰ ਸਾਮਾਨ ਵੀ ਮਿਲਿਆ, ਜਿਸ ਨੂੰ ਤੁਰੰਤ ਰੇਤ ਦੀਆਂ ਬੋਰੀਆਂ ਨਾਲ ਢੱਕਣ ਤੋਂ ਬਾਅਦ ਦੇਰ ਰਾਤ ਬੰਬ ਨਿਰੋਧਕ ਦਸਤੇ ਵੱਲੋਂ ਨਸ਼ਟ ਕਰ ਦਿੱਤਾ ਗਿਆ ਅਤੇ ਹੈਂਡ ਗ੍ਰੇਨੇਡਾਂ ਨੂੰ ਅਗਲੇਰੀ ਕਾਰਵਾਈ ਲਈ ਆਪਣੇ ਕਬਜ਼ੇ ਵਿਚ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਸਾਰੇ ਮਾਮਲੇ ਸੰਬੰਧੀ ਥਾਣਾ ਅਜਨਾਲਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇੰਨੀ ਭਾਰੀ ਮਾਤਰਾ ਵਿਚ ਆਈ. ਈ. ਡੀ. ਅਤੇ ਹੈਂਡ ਗ੍ਰੇਨੇਡ ਕਿਸ ਵੱਲੋਂ ਇੱਥੇ ਰੱਖੇ ਗਏ ਸਨ।
