ਬਾਡੀ ਬਿਲਡਰ ਵਰਿੰਦਰ ਘੁੰਮਣ ਦੇ ਸਸਕਾਰ ਮੌਕੇ ਮਾਂ ਦੇ ਕਲੇਜਾ ਪਾੜਦੇ ਬੋਲ, ‘ਮੇਰਾ ਪੁੱਤ ਮੇਰੀ ਝੋਲੀ ਪਾ ਦਿਓ’

ਜਲੰਧਰ – ਪੰਜਾਬ ਦੇ ਬਾਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਸਿੰਘ ਘੁੰਮਣ ਪੰਜ ਤੱਤਾਂ ਵਿਚ ਵਿਲੀਨ ਹੋ ਗਏ ਹਨ। ਵਰਿੰਦਰ ਘੁੰਮਣ ਦਾ ਅੰਤਿਮ ਸੰਸਕਾਰ ਅੱਜ ਜਲੰਧਰ ਦੇ ਮਾਡਲ ਟਾਊਨ ਵਿਖੇ ਸ਼ਮਸ਼ਾਨ ਘਾਟ ‘ਚ ਕਰ ਦਿੱਤਾ ਗਿਆ ਹੈ। ਵਰਿੰਦਰ ਘੁੰਮਣ ਨੂੰ ਅੰਤਿਮ ਵਿਦਾਈ ਦੇਣ ਲਈ ਲੋਕਾਂ ਦਾ ਹੜ੍ਹ ਆ ਗਿਆ। ਜਿੱਥੇ ਪਰਿਵਾਰ ਪੁੱਤ ਦੀ ਅਰਥੀ ਨੂੰ ਵੇਖ ਭੁੱਬਾਂ ਮਾਰ ਰੋਇਆ, ਉਥੇ ਹੀ ਹਰ ਕਿਸੇ ਦੀ ਅੱਖ ਨਮ ਨਜ਼ਰ ਆਈ। ਇਸ ਦੌਰਾਨ ਮਾਂ ਰੋਂਦੇ ਹੋਏ ਇਹੀ ਕਹਿ ਰਹੀ ਸੀ ਕਿ ਹਾਏ ਮੇਰਾ ਵਰਿੰਦਰ ਪਾਲ ਮੋੜ ਦਿਓ..ਮੇਰਾ ਪੁੱਤ ਝੋਲੀ ਪਾ ਦਿਓ। ਸੜਕ ਉਤੇ ਲਿਪਟ-ਲਿਪਟ ਕੇ ਮਾਂ ਆਪਣੇ ਪੁੱਤ ਨੂੰ ਆਵਜ਼ਾਂ ਮਾਰਦੀ ਰਹੀ। ਉਨ੍ਹਾਂ ਦੀ ਅੰਤਿਮ ਯਾਤਰਾ ਵਿਚ ਸਿਆਸੀ ਹਸਤੀਆਂ ਸਮੇਤ ਕਈ ਆਗੂ ਮੌਜੂਦ ਰਹੇ।

ਦੱਸ ਦੇਈਏ ਕਿ ਜਲੰਧਰ ਦੇ ਬਸਤੀ ਸ਼ੇਖ ਦੇ ਘਈ ਨਗਰ ਦੇ ਰਹਿਣ ਵਾਲੇ ਘੁੰਮਣ ਦੀ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿੱਚ ਬੀਤੇ ਦਿਨ ਇਕ ਆਪ੍ਰੇਸ਼ਨ ਦੌਰਾਨ ਦੋ ਵਾਰ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਦੇ ਸਮਰਥਕਾਂ ਨੇ ਡਾਕਟਰਾਂ ’ਤੇ ਗਲਤ ਢੰਗ ਨਾਲ ਆਪ੍ਰੇਸ਼ਨ ਕਰਨ ਦਾ ਦੋਸ਼ ਲਾਉਂਦੇ ਹੋਏ ਹਸਪਤਾਲ ਵਿਚ ਹੰਗਾਮਾ ਕੀਤਾ। ਦਰਅਸਲ, ਵਰਿੰਦਰ ਆਪਣੇ ਬਾਈਸੈਪਸ ਦੀ ਇਕ ਛੋਟੀ ਜਿਹੀ ਸਰਜਰੀ ਲਈ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਦਾਖ਼ਲ ਸੀ। ਦੱਸਿਆ ਜਾ ਰਿਹਾ ਹੈ ਕਿ ਸਰਜਰੀ ਦੌਰਾਨ ਉਸ ਨੂੰ ਦੋ ਦਿਲ ਦੇ ਦੌਰੇ ਪਏ ਅਤੇ ਲਗਭਗ 53 ਸਾਲ ਦੀ ਉਮਰ ਵਿਚ ਉਸ ਦੀ ਮੌਤ ਹੋ ਗਈ।

ਉਨ੍ਹਾਂ ਦੇ ਭਤੀਜੇ ਹਰਮਨਜੀਤ ਸਿੰਘ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਤਾਏ ਘੁੰਮਣ ਦਾ ਡੋਲਾ ਬੰਪ ਕਰ ਰਿਹਾ ਸੀ, ਜਿਸ ਕਾਰਨ ਉਹ ਮਸਲਜ਼ ਦਾ ਆਪ੍ਰੇਸ਼ਨ ਕਰਵਾਉਣ ਲਈ ਫੋਰਟਿਸ ਹਸਪਤਾਲ ਗਏ ਸਨ। ਉਨ੍ਹਾਂ ਦੇ ਮੈਨੇਜਰ ਯਾਦਵਿੰਦਰ ਸਿੰਘ, ਜੋ ਉਸ ਸਮੇਂ ਦੁਬਈ ਵਿੱਚ ਸਨ, ਨੇ ਵੀ ਦੱਸਿਆ ਕਿ ਵਰਿੰਦਰ ਕੁਝ ਸਮੇਂ ਤੋਂ ਦਰਦ ਦੀ ਸ਼ਿਕਾਇਤ ਕਰ ਰਹੇ ਸਨ। ਇਸ ਦੁਖਦਾਈ ਘਟਨਾ ‘ਤੇ ਇਕ ਮੰਤਰੀ ਨੇ ਕਿਹਾ ਹੈ ਕਿ ਮੌਤ ਦੀ ਜਾਂਚ ਕੀਤੀ ਜਾਵੇਗੀ।

Leave a Reply

Your email address will not be published. Required fields are marked *