ਸ੍ਰੀ ਮੁਕਤਸਰ ਸਾਹਿਬ, 9 ਅਕਤੂਬਰ (ਦਲਜੀਤ ਸਿੰਘ)- ਦੋਦਾ ਅਨਾਜ ਮੰਡੀ ਦੇ ਦੌਰੇ ਦੌਰਾਨ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਫਸਲ ਵੇਚਣ ਸਬੰਧੀ ਸਰਕਾਰ ਵਲੋਂ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਜਦੋਂ ਤੱਕ ਝੋਨਾ ਅਨਾਜ ਮੰਡੀਆਂ ਵਿੱਚ ਆਉਂਦਾ ਰਹੇਗਾ, ਉਸਦੀ ਖ਼ਰੀਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਅਨਾਜ ਮੰਡੀਆਂ ਵਿੱਚ ਲਿਆਂਦੀ ਗਈ ਫਸਲ ਨੂੰ ਸਰਕਾਰ ਵਲੋਂ 72 ਘੰਟਿਆਂ ਤੱਕ ਖਰੀਦਣ ਲਈ ਸਾਰੀਆਂ ਖਰੀਦ ਏਜੰਸੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਅਤੇ ਸਰਕਾਰ ਦੀ ਅਹਿਮ ਜ਼ਿੰਮੇਵਾਰੀ ਕਿਸਾਨਾਂ ਦੀ ਫਸਲ ਨੂੰ ਮੰਡੀਆਂ ਵਿੱਚ ਖਰੀਦਣ ਦੀ ਹੈ।
‘ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕੋਈ ਖਰੀਦ ਏਜੰਸੀਆਂ ਦਾ ਅਧਿਕਾਰੀ ਜਾਂ ਕਰਮਚਾਰੀ ਕਿਸਾਨਾਂ ਪਾਸੋ ਝੋਨੇ ਦੀ ਫ਼ਸਲ ਖਰੀਦਣ ਸਮੇਂ ਤੰਗ ਪਰੇਸ਼ਾਨ ਕਰਦਾ ਪਾਇਆ ਗਿਆ ਤਾਂ ਉਸ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜਿਵੇਂ-ਜਿਵੇਂ ਕਿਸਾਨਾਂ ਵਲੋਂ ਝੋਨੇ ਦੀ ਫਸਲ ਮੰਡੀਆਂ ਵਿੱਚ ਵੇਚਣ ਲਈ ਲਿਆਂਦੀ ਜਾਂਦੀ ਹੈ, ਉਸ ਨੂੰ ਉਸੇ ਤਰ੍ਹਾਂ ਪਹਿਲਾ ਦੇ ਆਧਾਰ ’ਤੇ ਖਰੀਦ ਕੀਤੀ ਜਾਵੇ।ਝੋਨੇ ਦੀ ਲਿਫਟਿੰਗ ਅਤੇ ਬਾਰਦਾਨੇ ਸਬੰਧੀ ਕੋਈ ਮੁਸ਼ਕਲ ਨਾ ਆਉਣ ਦਿੱਤੀ ਜਾਵੇ। ਟਰਾਂਸਪੋਰਟ ਵਿਭਾਗ ਵੱਲ ਕੀਤੇ ਜਾ ਰਹੇ ਕੰਮਾਂ ਸਬੰਧੀ ਉਨ੍ਹਾਂ ਕਿਹਾ ਕਿ ਉਹ ਟਾਇਮ ਟੇਬਲ ਜੋ ਬੀਤੇ 14 ਸਾਲ ਤੋਂ ਨਹੀਂ ਬਣਿਆ ਸੀ ਉਹ ਜਲਦ ਬਣ ਜਾਵੇਗਾ। ਜੋ ਨਿਯਮਾਂ ਦੇ ਉਲਟ ਚਲੇਗਾ ਕਾਰਵਾਈ ਹੋਵੇਗੀ। ਟਰਾਂਸਪੋਰਟ ਮਾਫੀਆ ਨਹੀਂ ਰਹਿਣ ਦਿੱਤਾ ਜਾਵੇਗਾ।