ਐਂਟਰਟੇਨਮੈਂਟ ਡੈਸਕ- ਪੰਜਾਬੀ ਗਾਇਕ-ਅਦਾਕਾਰ ਰਾਜਵੀਰ ਜਵੰਦਾ ਦੇ ਇੱਕ ਗੰਭੀਰ ਸੜਕ ਹਾਦਸੇ ਵਿੱਚ ਜ਼ਖਮੀ ਹੋਣ ਤੋਂ ਬਾਅਦ ਪੂਰੀ ਪੰਜਾਬੀ ਮਨੋਰੰਜਨ ਇੰਡਸਟਰੀ ਸਦਮੇ ਵਿੱਚ ਹੈ। ਇਸ ਦੌਰਾਨ, ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਨੇ ਆਪਣੇ ਹਾਂਗਕਾਂਗ ਵਿੱਚ ਚੱਲ ਰਹੇ ਲਾਈਵ ਕੰਸਰਟ ਨੂੰ ਰੋਕ ਕੇ ਪ੍ਰਸ਼ੰਸਕਾਂ ਨੂੰ ਰਾਜਵੀਰ ਜਵੰਦਾ ਦੀ ਜਲਦੀ ਸਿਹਤਯਾਬੀ ਲਈ ਦੁਆ ਕਰਨ ਦੀ ਭਾਵੁਕ ਅਪੀਲ ਕੀਤੀ।
ਆਪਣੇ ‘ਔਰਾ ਟੂਰ’ ਦੇ ਹਿੱਸੇ ਵਜੋਂ ਹਾਂਗਕਾਂਗ ਵਿੱਚ ਇੱਕ ਲਾਈਵ ਕੰਸਰਟ ਦੌਰਾਨ, ਦਿਲਜੀਤ ਦੋਸਾਂਝ ਨੇ ਆਪਣਾ ਸ਼ੋਅ ਰੋਕ ਕੇ ਰਾਜਵੀਰ ਜਵੰਦਾ ਬਾਰੇ ਗੱਲ ਕੀਤੀ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ, ਦਿਲਜੀਤ ਨੇ ਰਾਜਵੀਰ ਨੂੰ ਇੱਕ “ਬਹੁਤ ਹੀ ਪਿਆਰਾ ਭਰਾ” ਅਤੇ ਇੱਕ “ਸ਼ਾਨਦਾਰ ਗਾਇਕ” ਦੱਸਿਆ, ਜੋ ਬੀਤੇ ਦਿਨੀਂ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਦਿਲਜੀਤ ਨੇ ਰਾਜਵੀਰ ਦੀ ਤਾਰੀਫ਼ ਕਰਦਿਆਂ ਕਿਹਾ, ਉਹ ਇੱਕ ਵਧੀਆ ਗਾਇਕ ਹਨ ਅਤੇ ਉਹ ਅੱਜ ਤੱਕ ਕਦੇ ਵੀ ਕਿਸੇ ਵਿਵਾਦ ਵਿੱਚ ਨਹੀਂ ਫਸੇ। ਉਹ ਸਾਰਿਆਂ ਨੂੰ ਬਹੁਤ ਪਿਆਰ ਕਰਦੇ ਹਨ।
