ਲਖੀਮਪੁਰ, 9 ਅਕਤੂਬਰ (ਦਲਜੀਤ ਸਿੰਘ)- ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਕ੍ਰਾਈਮ ਬ੍ਰਾਂਚ ਦਫ਼ਤਰ ਪਹੁੰਚ ਚੁੱਕਾ ਹੈ। ਕ੍ਰਾਇਮ ਬ੍ਰਾਂਚ ਦੀ ਟੀਮ ਆਸ਼ੀਸ਼ ਤੋਂ ਪੁੱਛਗਿਛ ਕਰ ਰਹੀ ਹੈ। ਆਸ਼ੀਸ਼ ਨੂੰ ਸਵੇਰੇ 11 ਵਜੇ ਪੇਸ਼ ਹੋਣਾ ਸੀ। ਪਰ ਉਹ ਲਗਪਗ 20 ਮਿੰਟ ਪਹਿਲਾਂ ਹੀ ਕ੍ਰਾਇਮ ਬ੍ਰਾਂਚ ਦੇ ਦਫ਼ਤਰ ਪਹੁੰਚ ਗਏ।
ਦੱਸ ਦੇਈਏ ਆਸ਼ੀਸ਼ ਮਿਸ਼ਰਾ ਦੇ ਫਰਾਰ ਹੋਣ ਦੀ ਖ਼ਬਰ ਸੀ। ਹਾਲਾਂਕਿ ਆਸ਼ੀਸ਼ ਦੇ ਵਕੀਲ ਨੇ ਅੱਜ ਸਵੇਰੇ ਦੱਸਿਆ ਕਿ ਆਸ਼ੀਸ਼ ਮਿਸ਼ਰਾ ਤੈਅ ਸਮੇਂ ‘ਤੇ ਪੁਲਿਸ ਦੇ ਸਾਹਮਣੇ ਪੇਸ਼ ਹੋਣਗੇ। ਆਸ਼ੀਸ਼ ਦੇ ਵਕੀਲ ਨੇ ਇਹ ਵੀ ਦੱਸਿਆ ਸੀ ਕਿ ਆਸ਼ੀਸ਼ ਤੇ ਮੋਨੂੰ ਲਖੀਮਪੁਰ ‘ਚ ਹੀ ਹੈ। ਦੱਸ ਦੇਈਏ ਕਿ ਆਸ਼ੀਸ਼ ਮਿਸ਼ਰਾ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦਾ ਬੇਟਾ ਹੈ।
ਇਸ ਤੋਂ ਪਹਿਲਾਂ ਲਖਨਊ ‘ਚ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੇ ਆਪਣੇ ਬੇਟੇ ਨੂੰ ਨਿਰਦੋਸ਼ ਦੱਸਦਿਆਂ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਬੇਟੇ ਦੀ ਸਿਹਤ ਠੀਕ ਨਹੀਂ ਹੈ ਤੇ ਉਹ ਸ਼ਨੀਵਾਰ ਯਾਨੀ ਅੱਜ ਪੁਲਿਸ ਸਾਹਮਣੇ ਪੇਸ਼ ਹੋਵੇਗਾ।
ਮਿਸ਼ਰਾ ਨੇ ਲਖਨਊ ਏਅਰਪੋਰਟ ਤੇ ਮੀਡੀਆ ਨਾਲ ਗੱਲਬਾਤ ‘ਚ ਕਿਹਾ, ਸਾਨੂੰ ਕਾਨੂੰਨ ‘ਤੇ ਭਰੋਸਾ ਹੈ। ਮੇਰਾ ਬੇਟਾ ਨਿਰਦੋਸ਼ ਹੈ। ਉਸ ਨੂੰ ਵੀਰਵਾਰ ਨੋਟਿਸ ਮਿਿਲਆ ਪਰ ਉਸ ਨੇ ਕਿਹਾ ਕਿ ਉਸ ਦੀ ਸਿਹਤ ਠੀਕ ਨਹੀਂ ਹੈ। ਉਹ ਸ਼ਨੀਵਾਰ ਪੁਲਿਸ ਸਾਹਮਣੇ ਪੇਸ਼ ਹੋਵੇਗਾ ਤੇ ਆਪਣੇ ਨਿਰਦੋਸ਼ ਹੋਣ ਬਾਰੇ ਬਿਆਨ ‘ਤੇ ਸਬੂਤ ਦੋਵੇਗਾ। ਇਹ ਪੁੱਛੇ ਜਾਣ ‘ਤੇ ਕਿ ਵਿਰੋਧੀ ਧਿਰਾਂ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕਰ ਰਹੀਆਂ ਹਨ ਤਾਂ ਉਨ੍ਹਾਂ ਕਿਹਾ ਵਿਰੋਧੀ ਤਾਂ ਕੁਝ ਵੀ ਮੰਗਦੇ ਹਨ।
ਇਸ ਤੋਂ ਪਹਿਲਾਂ ਆਸ਼ੀਸ਼ ਮਿਸ਼ਰਾ ਦੇ ਹੁਣ ਤਕ ਗ੍ਰਿਫ਼ਤਾਰ ਨਾ ਹੋਣ ‘ਤੇ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਯੂਪੀ ਸਰਕਾਰ ਨੂੰ ਖੂਬ ਝਾੜ ਪਾਈ। ਕੋਰਟ ਨੇ ਪੁੱਛਿਆ ਕਿ ਜੇਕਰ ਮੁਲਜ਼ਮ ਕੋਈ ਆਮ ਵਿਅਕਤੀ ਹੁੰਦਾ ਤਾਂ ਤੀ ਉਸ ਪ੍ਰਤੀ ਵੀ ਪੁਲਿਸ ਦਾ ਇਹੀ ਰਵੱਈਆ ਹੁੰਦਾ? ਚੀਫ਼ ਜਸਟਿਸ ਦੀ ਅਗਵਾਈ ਵਾਲੀ ਬੈਂਚ ਨੇ ਪੁਲਿਸ ਨੂੰ ਤੇਜ਼ ਕਾਰਵਾਈ ਦਾ ਹੁਕਮ ਦਿੰਦਿਆਂ ਇਹ ਸੰਕੇਤ ਵੀ ਦਿੱਤੇ ਕਿ ਜਾਂਚ ਕਿਸੇ ਹੋਰ ਸੰਸਥਾ ਨੂੰ ਸੌਂਪੀ ਜਾ ਸਕਦੀ ਹੈ।