ਡੇਰਾਬੱਸੀ : ਖੇਤਰ ਦੀ ਰਾਜਨੀਤੀ ਉਸ ਵੇਲੇ ਅਚਾਨਕ ਭਖ ਗਈ, ਜਦੋਂ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ (Kuljit singh Randhawa MLA) ਨੇ ਲਾਲੜੂ ‘ਚ ਕਰਵਾਏ ਗਏ ਇਕ ਪ੍ਰੋਗਰਾਮ ਦੌਰਾਨ ਕਾਂਗਰਸ ਹਲਕੇ ਦੇ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ (Deepinder Singh Dhillon) ਬਾਰੇ ਵਿਵਾਦਤ ਟਿੱਪਣੀ ਕਰ ਦਿੱਤੀ।
ਰੰਧਾਵਾ ਨੇ ਆਪਣੇ ਸੰਬੋਧਨ ‘ਚ ਕਿਹਾ, ‘ਇਕ ਕਾਲਾ ਅੰਗਰੇਜ਼, ਜੋ ਫਰੀਦਕੋਟ ਤੋਂ ਖਾਰਜ ਹੋ ਚੁੱਕਾ ਹੈ ਤੇ ਡੇਰਾਬੱਸੀ ਤੋਂ ਸੱਤ ਵਾਰ ਨਕਾਰਿਆ ਜਾ ਚੁੱਕਾ ਹੈ, ਹਮੇਸ਼ਾ ਆਪਣੇ ਆਪ ਨੂੰ ਹਲਕੇ ਦਾ ਮਾਲਕ ਸਾਬਿਤ ਕਰਨ ਦੀ ਕੋਸ਼ਿਸ਼ ਕਰਦਾ ਹੈ।” ਇਸ ਟਿੱਪਣੀ ਦੇ ਸਾਹਮਣੇ ਆਉਂਦੇ ਹੀ ਕਾਂਗਰਸ ਖੇਮੇ ‘ਚ ਤਿੱਖੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ। ਸਮਰਥਕਾਂ ‘ਚ ਵੀ ਇਸ ਬਿਆਨ ਨੂੰ ਲੈ ਕੇ ਚਰਚਾ ਤੇਜ਼ ਹੋ ਗਈ।
ਰੰਧਾਵਾ ਦੇ ਬਿਆਨ ਦਾ ਜਵਾਬ ਦਿੰਦਿਆਂ ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ ਨੇ ਇਕ ਵੀਡੀਓ ਜਾਰੀ ਕੀਤੀ ਜੋ ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਢਿੱਲੋਂ ਨੇ ਕਿਹਾ ਕਿ ਰੰਧਾਵਾ ਦੀ ਸ਼ਬਦਾਵਲੀ ਉਨ੍ਹਾਂ ਦੀ ਪੜ੍ਹਾਈ-ਲਿਖਾਈ ਤੇ ਸੋਚ ਨੂੰ ਦਰਸਾਉਂਦੀ ਹੈ। ਲੋਕ ਸਭ ਕੁਝ ਦੇਖ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਵਿਧਾਇਕ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ।
ਢਿੱਲੋਂ ਨੇ ਸਾਫ ਕੀਤਾ ਕਿ ਜਿਸ ਮੁੱਦੇ ਦਾ ਹਵਾਲਾ ਰੰਧਾਵਾ ਆਪਣੇ ਭਾਸ਼ਣ ‘ਚ ਦੇ ਰਹੇ ਸਨ, ਉਹ ਅਸਲ ਵਿਚ ਲਾਲੜੂ ਨਗਰ ਪੰਚਾਇਤ ਵੱਲੋਂ ਪਾਸ ਕੀਤਾ ਗਿਆ ਪ੍ਰਸਤਾਵ ਸੀ। ਇਹ ਪ੍ਰਸਤਾਵ ਜ਼ੀਰਕਪੁਰ ਨਗਰ ਪੰਚਾਇਤ ਤੋਂ 20 ਕਰੋੜ ਰੁਪਏ ਦਾ ਲੋਣ ਲੈਣ ਨਾਲ ਸੰਬੰਧਿਤ ਸੀ ਜਿਸ ਦਾ ਵਿਆਪਕ ਵਿਰੋਧ ਹੋਇਆ ਸੀ।
ਢਿੱਲੋਂ ਨੇ ਰੰਧਾਵਾ ਨੂੰ ਸਿੱਧੀ ਚੁਣੌਤੀ ਦਿੰਦਿਆਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ‘ਚ ਸੱਚਾਈ ਸਾਹਮਣੇ ਆ ਜਾਵੇਗੀ। ਉਸ ਸਮੇਂ ਰੰਧਾਵਾ ਪੰਚਾਇਤ ‘ਚ ਪੰਚ ਵੀ ਨਹੀਂ ਬਣ ਸਕਣਗੇ। ਕਾਂਗਰਸ ਦੇ ਆਗੂ ਨੇ ਕਿਹਾ ਕਿ ਰਾਜਨੀਤੀ ‘ਚ ਵਿਚਾਰ ਅਤੇ ਸੰਵਾਦ ਦਾ ਪੱਧਰ ਘਟਣਾ ਚਿੰਤਾ ਦਾ ਵਿਸ਼ਾ ਹੈ।
