ਲਖਨਊ, 8 ਅਕਤੂਬਰ (ਦਲਜੀਤ ਸਿੰਘ)- ਲਖੀਮਪੁਰ ਖੀਰੀ ’ਚ ਹੋਈ ਹਿੰਸਾ ਦੇ ਮੁੱਖ ਦੋਸ਼ੀ ਆਸ਼ਿਸ਼ ਮਿਸ਼ਰਾ ਨੂੰ ਫੜਨ ਲਈ ਪੁਲਸ ਥਾਂ-ਥਾਂ ਛਾਪੇਮਾਰੀ ਕਰ ਰਹੀ ਹੈ। ਮਾਮਲੇ ਦੇ ਭਖਣ ਦੇ ਨਾਲ ਆਸ਼ੀਸ਼ ਮਿਸ਼ਰਾ ਫਰਾਰ ਹੋ ਗਿਆ ਹੈ, ਜਿਸ ਦੇ ਚਲਦੇ ਪੁਲਸ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਆਸ਼ੀਸ਼ ਮਿਸ਼ਰਾ ਨੂੰ ਬਿਆਨ ਦਰਜ ਕਰਵਾਉਣ ਲਈ ਕ੍ਰਾਈਮ ਬ੍ਰਾਂਚ ਨੇ ਸ਼ੁੱਕਰਵਾਰ ਸਵੇਰੇ 10 ਵਜੇ ਪੁਲਸ ਲਾਈਨ ’ਚ ਤਲਬ ਕੀਤਾ ਸੀ ਪਰ ਉਹ ਪੁਲਸ ਸਾਹਮਣੇ ਪੇਸ਼ ਨਹੀਂ ਹੋਇਆ।
ਸੂਤਰਾਂ ਦੇ ਹਵਾਲੇ ਤੋਂ ਖ਼ਬਰ ਆ ਰਹੀ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦਾ ਦੋਸ਼ੀ ਬੇਟਾ ਆਸ਼ੀਸ਼ ਮਿਸ਼ਰਾ ਵਾਰ-ਵਾਰ ਆਪਣੀ ਲੋਕੇਸ਼ਨ ਬਦਲ ਰਿਹਾ ਹੈ। ਉਸ ਦੀ ਪਹਿਲੀ ਲੋਕੇਸ਼ਨ ਭਾਰਤ-ਨੇਪਾਲ ਬਾਰਡਰ ’ਤੇ ਮਿਲੀ ਸੀ। ਇਹ ਲੋਕੇਸ਼ਨ ਨੇਪਾਲ ਦੇ ਗੁਰੀ ਫੇਂਟਾ ਦੇ ਨੇੜੇ ਦੀ ਸੀ। ਆਸ਼ੀਸ਼ ਦੀ ਸ਼ੁੱਕਰਵਾਰ ਸਵੇਰ ਦੀ ਲੋਕੇਸ਼ਨ ਉਤਰਾਖੰਡ ਦੇ ਬਾਜਪੁਰਾ ਦੀ ਪਤਾ ਚਲੀ ਹੈ। ਦੱਸਿਆ ਜਾ ਰਿਹਾ ਹੈ ਕਿ ਲਖੀਮਪੁਰ ਖੀਰੀ ਪੁਲਸ ਨੇ ਨੇਪਾਲ ਅਤੇ ਉਤਰਾਖੰਡ ਦੋਵਾਂ ਨਾਲ ਸੰਪਰਕ ਕੀਤਾ ਹੈ।
ਬੇਟੇ ਆਸ਼ੀਸ਼ ਦੀ ਸਫਾਈ ’ਚ ਕੀ ਬੋਲੇ ਮੰਤਰੀ ਅਜੇ ਮਿਸ਼ਰਾ
ਉਥੇ ਹੀ ਇਸ ਪੂਰੇ ਮਾਮਲੇ ’ਤੇ ਮੰਤਰੀ ਅਜੇ ਮਿਸ਼ਰਾ ਨੇ ਕਿਹਾ ਸੀ ਕਿ ਮੈਂ ਆਪਣੇ ਬੇਟੇ ਨੂੰ ਕਿਤੇ ਨਹੀਂ ਲੁਕਾਇਆ। ਉਹ ਵੱਡਾ ਹੈ, ਸੋਚ-ਸਮਝਕੇ ਫੈਸਲਾ ਲੈਂਦਾ ਹੈ। ਉਸ ਨੇ ਜਦੋਂ ਸਾਹਮਣੇ ਆਉਣਾ ਹੋਵੇਗਾ, ਆ ਜਾਵੇਗਾ। ਅਜੇ ਮਿਸ਼ਰਾ ਨੇ ਕਿਹਾ ਕਿ ਪੂਰੇ ਮਾਮਲੇ ’ਚ ਨਿਆਇਕ ਜਾਂਚ ਹੋ ਰਹੀ ਹੈ, ਸਭ ਕੁਝ ਸਾਹਮਣੇ ਆ ਜਾਵੇਗਾ। ਅਜੇ ਮਿਸ਼ਰਾ ਨੇ ਕਿਹਾ ਕਿ ਮੇਰੇ ਬੇਟੇ ’ਤੇ ਦੋਸ਼ ਲੱਗਾ ਹੈ। ਮੁਕੱਦਮਾ ਕੋਈ ਵੀ ਦਰਜ ਕਰਵਾ ਸਕਦਾ ਹੈ, ਜਾਂਚ ’ਚ ਸਭ ਸਾਫ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਮੇਰਾ ਬੇਟਾ ਦੋਸ਼ੀ ਹੋਵੇਗਾ ਤਾਂ ਜਾਂਚ ਏਜੰਸੀਆਂ ਕੰਮ ਕਰਨਗੀਆਂ। ਅਜੇ ਜਾਂਚ ਹੋ ਰਹੀ ਹੈ, ਹੋਣ ਦਿਓ।