ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਭਵਨ ਵਿਖੇ ਬੁਲਾਈ ਪ੍ਰੈੱਸ ਕਾਨਫਰੰਸ ‘ਚ ਕੇਂਦਰ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ। ਉਨ੍ਹਾਂ ਭਾਰਤ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ‘ਤੇ ਸਿੱਖ ਸ਼ਰਧਾਲੂਆਂ ਦੇ ਜਥੇ ਦੇ ਪਾਕਿਸਤਾਨ ਜਾਣ ‘ਤੇ ਰੋਕ ਨੂੰ ਪੰਜਾਬੀਆਂ ਨਾਲ ਵਿਤਕਰਾ ਦੱਸਿਆ। ਉਨ੍ਹਾਂ ਕਿਹਾ ਕਿ ਜੇ ਭਾਰਤ-ਪਾਕਿਸਤਾਨ ਮੈਚ ਹੋ ਸਕਦਾ ਹੈ ਤਾਂ ਫਿਰ ਸਿੱਖ ਸ਼ਰਧਾਲੂ ਪਾਕਿਸਤਾਨ ਕਿਉਂ ਨਹੀਂ ਜਾ ਸਕਦੇ ? ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀਆਂ ਭਾਵਨਾਵਾਂ ਨਹੀਂ ਖੇਡਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਫਿਲਮ ਰੋਕੀ ਗਈ ਪਰ ਮੈਚ ਨਹੀਂ।
ਹੜ੍ਹਾਂ ਕਾਰਨ ਹੋਏ ਨੁਕਸਾਨ ਲਈ ਕੇਂਦਰ ਵੱਲੋਂ ਦਿੱਤੇ ਗਏ ਰਾਹਤ ਪੈਕੇਜ ਨੂੰ ਨਾਕਾਫੀ ਦੱਸਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਪੰਜਾਬ ਨਾਲ ਪੱਖਪਾਤ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਗੱਲ ਅਫ਼ਗਾਨਿਸਤਾਨ ਦੀ ਆਈ ਸੀ ਤਾਂ ਤੁਸੀਂ ਨਾਲ ਦੇ ਨਾਲ ਰਾਹਤ ਪੈਕੇਜ ਭੇਜ ਦਿੱਤਾ ਪਰ ਆਪਣਿਆਂ ਲਈ ਕੁਝ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬੀ ਆਪਣੇ ਮੁਤਾਬਕ ਚੱਲਦੇ ਹਨ, ਜੇ ਨਾ ਚੱਲੇ ਹੁੰਦੇ ਤਾਂ ਅੱਜ ਆਜ਼ਾਦ ਭਾਰਤ ਦੇ ਪ੍ਰਧਾਨਮੰਤਰੀ ਨਾ ਹੁੰਦੇ।
ਉਨ੍ਹਾਂ ਕਿਹਾ ਕਿ ਜਿੱਥੇ ਤੁਹਾਡੀ ਦਿਲਚਸਪੀ ਹੈ, ਉੱਥੇ ਮੈਚ ਹੋ ਜਾਂਦਾ ਹੈ ਤੇ ਜਿੱਥੇ ਪੰਜਾਬੀਆਂ ਦੀ ਆਸਥਾ ਆ ਗਈ, ਭਗਤੀ ਆ ਗਈ ਉੱਥੇ ਸਰਹੱਦੀ ਮਜਬੂਰੀਆਂ ਆ ਗਈਆਂ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਪੰਜਾਬ ਤੋਂ ਬਦਲਾ ਲੈ ਰਹੀ ਹੈ। ਇਨ੍ਹਾਂ ਦਾ ਵਸ ਚੱਲੇ ਤਾਂ ਜਨ-ਗਨ-ਮਨ ‘ਚੋਂ ਵੀ ਪੰਜਾਬ ਕੱਢ ਦੇਣ। ਉਨ੍ਹਾਂ ਕਿਹਾ ਕਿ ਮੇਰੀ ਜਾਖੜ ਤੇ ਬਿੱਟੂ ਨੂੰ ਅਪੀਲ ਹੈ ਕਿ ਉਹ ਪ੍ਰਧਾਨਮੰਤਰੀ ਨੂੰ ਜਾ ਕੇ ਇਹ ਸਵਾਲ ਜ਼ਰੂਰ ਪੁੱਛਣ ਕਿਉਂਕਿ ਫਿਲਮਾਂ ਤੇ ਮੈਚ ਇੰਤਜ਼ਾਰ ਕਰ ਸਕਦੇ ਹਨ ਪਰ ਗੁਰਪੁਰਬ ਜਾਂ ਆਸਥਾ ਨਹੀਂ ਕਰ ਸਕਦੀ।
ਮਾਨ ਨੇ ਕਿਹਾ ਕਿ ਮੇਰੀ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਹੈ ਕਿ ਪੰਜਾਬ ਦੀਆਂ ਭਾਵਨਾਵਾਂ ਨਾਲ ਨਾ ਖੇਡੋ, ਨਹੀਂ ਦੇਣਾ ਇਸ ਦੇ ਲਈ ਕੁਝ ਤਾਂ ਨਾ ਦਿਉ, ਇਹ ਪਹਿਲਾਂ ਵੀ ਉੱਠ ਖੜ੍ਹਾ ਹੋਇਆ ਤੇ ਹੁਣ ਵੀ ਹੋਜੂ। ਇਸ ਧਰਤੀ ਨੂੰ ਆਮ ਧਰਤੀ ਨਾ ਸਮਝੋ ਇਹ ਬਰਕਤ ਵਾਲੀ ਧਰਤੀ ਹੈ।
