ਸ੍ਰੀ ਮੁਕਤਸਰ ਸਾਹਿਬ ‘ਚ ਬੱਸ ਹੋਈ ਹਾਦਸਾਗ੍ਰਸਤ, ਜਾਨੀ ਨੁਕਸਾਨ ਤੋਂ ਰਿਹਾ ਬਚਾਅ; ਡਰਾਈਵਰ-ਕੰਡਕਟਰ ਸਮੇਤ 3 ਸਵਾਰੀਆਂ ਜਖ਼ਮੀ

ਸ੍ਰੀ ਮੁਕਤਸਰ ਸਾਹਿਬ,: ਜ਼ਿਲੇ ਦੇ ਮੁਕਤਸਰ-ਮਲੋਟ ਰੋਡ ’ਤੇ ਸਥਿਤ ਪਿੰਡ ਰੁਪਾਣਾ ਤੋਂ ਸੋਥਾ ਰੋਡ ’ਤੇ ਇੱਕ ਵਾਰ ਫਿਰ ਤੋਂ ਦੀਪ ਕੰਪਨੀ ਦੀ ਬੱਸ ਹਾਦਸਾਗ੍ਰਸਤ ਹੋਈ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ ਬੱਸ ਬਾਅਦ ਦੁਪਹਿਰ ਕਰੀਬ 12:30 ਵਜੇ ਗਿੱਦੜਬਾਹਾ ਤੋਂ ਵਾਇਆ ਸੋਥਾ ਹੁੰਦੀ ਹੋਈ ਸ੍ਰੀ ਮੁਕਤਸਰ ਸਾਹਿਬ ਨੂੰ ਜਾ ਰਹੀ ਸੀ। ਜਦੋਂ ਇਹ ਪਿੰਡ ਸੋਥਾ ਤੇ ਰੁਪਾਣਾ ਦੇ ਵਿਚਾਰ ਪੁੱਜੀ ਤਾਂ ਟਰੈਕਟਰ-ਟਰਾਲੀ ਨੂੰ ਕਰਾਸ ਕਰਨ ਸਮੇਂ ਉਕਤ ਬੱਸ ਚਾਲਕ ਬਾਰਿਸ਼ ਦੇ ਚੱਲਦਿਆ ਸੜਕ ਦੀਆਂ ਸਾਇਡਾਂ ਗਿੱਲੀਆਂ ਹੋਣ ਕਾਰਨ ਸੰਤੁਲਨ ਖੋਹ ਬੈਠਾ ਤੇ ਸਵਾਰੀਆਂ ਨਾਲ ਭਰੀ ਬੱਸ ਨਾਲ ਲੱਗਦੇ ਖੇਤਾਂ ’ਚ ਜਾ ਪਲਟੀ, ਜਿਸ ਤੋਂ ਬਾਅਦ ਭੱਜ-ਦੌੜ ਮੱਚ ਗਈ। ਖੇਤਾਂ ਵਿੱਚ ਕੰਮ ਕਰਦੇ ਤੇ ਰਾਹਗੀਰਾਂ ਨੇ ਤੁਰੰਤ ਬਚਾਅ ਕਾਰਜ਼ ਸੁਰੂ ਕਰਦਿਆਂ ਸਵਾਰੀਆਂ ਨੂੰ ਬੱਸ ’ਚੋ ਬਾਹਰ ਕੱਢਿਆ। ਜਾਣਕਾਰੀ ਮੁਤਾਬਿਕ ਇਸ ਹਾਦਸੇ ’ਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਤੇ ਡਰਾਈਵਰ-ਕੰਡਕਟਰ ਸਮੇਤ 3 ਦੇ ਕਰੀਬ ਸਵਾਰੀਆਂ ਮਾਲੂਮੀ ਜਖ਼ਮੀ ਹੋਈਆਂ। ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪਿੰਡ ਸੋਥਾ ਤੋਂ ਰੁਪਾਣਾ ਤੱਕ ਸੜਕ ਦੇ ਦੋਵੇਂ ਪਾਸੇ ਦੀ ਮਿੱਟੀ ਨਾਲ ਲੱਗਦੇ ਖੇਤਾਂ ਦੇ ਮਾਲਕਾਂ ਵਲੋਂ ਕੱਟੀ ਹੋਈ ਹੈ, ਜਿਸ ਕਾਰਨ ਅਜਿਹੇ ਹਾਦਸੇ ਵਾਪਰਨਾ ਸੁਭਾਵਿਕ ਗੱਲ ਹੈ, ਉਨ੍ਹਾਂ ਸਬੰਧਿਤ ਵਿਭਾਗ ਤੇ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਤੋਂ ਇਸ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *